ਪੋਜੇਵਾਲ ਸਰ੍ਹਾਂ,(ਤਰਸੇਮ ਕਟਾਰੀਆ)- ਅੱਜ ਸਿਖਰ ਦੁਪਹਿਰੇ ਤੇਜ਼ ਧੁੱਪ 'ਚ ਅੱਡਾ ਪੋਜੇਵਾਲ ਸਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਮੁੱਖ ਮਾਰਗ 'ਤੇ ਪਿੰਡ ਪੋਜੇਵਾਲ ਦੀਆਂ ਔਰਤਾਂ ਵਲੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਚੱਕਾ ਜਾਮ ਕੀਤਾ ਗਿਆ। ਇਸ ਸਬੰਧੀ ਧਰਨਾ ਦੇ ਰਹੀਆਂ ਔਰਤਾਂ ਨੇ ਦੱਸਿਆ ਕਿ ਜ਼ਿਲਾ ਸਪਲਾਈ ਵਿਭਾਗ ਵਲੋਂ ਨਿਯਮਾਂ ਦੇ ਉਲਟ ਕੁਝ ਲੋਕ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਟੁੱਲੂ ਪੰਪ ਲਗਾਉਂਦੇ ਹਨ, ਜਿਸ ਕਾਰਨ ਪੂਰੇ ਪਿੰਡ ਵਿਚ ਪਾਣੀ ਦੀ ਸਪਲਾਈ ਨਹੀਂ ਹੁੰਦੀ। ਉਨ੍ਹਾਂ ਇਹ ਵੀ ਦੱਸਿਆ ਕਿ ਵਧ ਰਹੀ ਗਰਮੀ ਦੇ ਮੌਸਮ ਵਿਚ ਅੱਧੇ ਪਿੰਡ ਨੂੰ ਪਿਛਲੇ 10-15 ਦਿਨਾਂ ਤੋਂ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ, ਜਿਸ ਕਾਰਨ ਉਨ੍ਹਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਔਰਤਾਂ ਵਲੋਂ ਵਿਭਾਗ ਤੇ ਸਰਕਾਰ ਦਾ ਪਿੱਟ-ਸਿਆਪਾ ਕੀਤਾ ਗਿਆ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਪੂਰੇ ਪਿੰਡ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ ਤੇ ਨਿਯਮਾਂ ਦੇ ਉਲਟ ਮੇਨ ਲਾਈਨਾਂ ਵਿਚੋਂ ਦਿੱਤੇ ਕੁਨੈਕਸ਼ਨ ਬੰਦ ਕੀਤੇ ਜਾਣ ਤੇ ਜਿਹੜੇ ਲੋਕ ਟੁੱਲੂ ਪੰਪ ਲਗਾਉਂਦੇ ਹਨ, ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਧਰਨਾਕਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਲੱਗਭਗ 2 ਘੰਟਿਆਂ ਤਕ ਚੱਕਾ ਜਾਮ ਕੀਤਾ ਗਿਆ। ਧਰਨੇ ਦੌਰਾਨ ਵਾਰ-ਵਾਰ ਫੋਨ ਕਰਨ ਤੋਂ ਬਾਅਦ ਮੌਕੇ 'ਤੇ ਪਹੁੰਚੇ ਵਿਭਾਗ ਦੇ ਜੇ. ਈ. ਨੇ ਦੱਸਿਆ ਕਿ ਬਿਜਲੀ ਦੀ ਸਪਲਾਈ ਪੂਰੀ ਨਾ ਹੋਣ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਪੂਰੀ ਨਹੀਂ ਹੋ ਰਹੀ। ਇਸ ਮੌਕੇ ਪਹੁੰਚੇ ਡੀ. ਐੱਸ. ਪੀ. ਬਲਾਚੌਰ, ਸ. ਸੁਰਿੰਦਰ ਸਿੰਘ, ਰਾਮਜੀਦਾਸ ਐੱਸ. ਐੱਚ. ਓ. ਤੇ ਵਿਭਾਗ ਦੇ ਜੇ. ਈ. ਵਲੋਂ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਗਿਆ ਕਿ ਮੇਨ ਲਾਈਨਾਂ ਵਿਚੋਂ ਦਿੱਤੇ ਕੁਨੈਕਸ਼ਨ ਤੇ ਪਾਣੀ ਦੀ ਲੀਕੇਜ ਬੰਦ ਕੀਤੀ ਜਾਵੇਗੀ ਤੇ ਜਦੋਂ ਤਕ ਪਾਣੀ ਦੀ ਸਪਲਾਈ ਪੂਰੀ ਨਹੀਂ ਹੁੰਦੀ, ਉਦੋਂ ਤਕ ਟੈਂਕਰਾਂ ਰਾਹੀਂ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਇਸ ਮੌਕੇ ਵਿਭਾਗ ਦੇ ਜੇ. ਈ. ਵਲੋਂ ਵਿਸ਼ਵਾਸ ਦਿਵਾਉਣ ਤੋਂ ਬਾਅਦ ਔਰਤਾਂ ਵਲੋਂ ਜਾਮ ਖੋਲ੍ਹਿਆ ਗਿਆ।