ਜਲੰਧਰ,  (ਮਹੇਸ਼)- ਛਾਉਣੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ-1 ਦੇ ਅੱਧੇ ਹਿੱਸੇ ਵਿਚ ਸ਼ੈੱਡ ਨਾ ਹੋਣ ਕਰਕੇ ਕੜਾਕੇ ਦੀ ਧੁੱਪ ਵਿਚ ਰੇਲ ਯਾਤਰੀਆਂ ਦਾ ਬੁਰਾ ਹਾਲ ਹੋ ਰਿਹਾ ਹੈ। ਜਿਆਦਾਤਾਰ ਇਸ ਪਲੇਟਫਾਰਮ 'ਤੇ ਵੀ.ਆਈ.ਪੀ. ਗੱਡੀਆਂ ਹੀ ਰੁਕਦੀਆਂ ਹਨ ਅਤੇ ਗੱਡੀਆਂ ਦੇ ਆਖੀਰ ਵਿਚ ਏ.ਸੀ. ਡੱਬੇ ਹੁੰਦੇ ਹਨ, ਜਿਥੋਂ ਯਾਤਰੀਆਂ ਨੇ ਗੱਡੀ 'ਚੋਂ ਉਤਰਨਾ ਹੁੰਦਾ ਹੈ, ਉਥੇ ਸ਼ੈੱਡ ਨਹੀਂ ਅਤੇ ਯਾਤਰੀ ਏ.ਸੀ. 'ਚੋਂ ਨਿਕਲ ਕੇ ਕੜਾਕੇ ਦੀ ਧੁੱਪ ਸਹਿਣ ਲਈ ਮਜਬੂਰ ਹਨ। ਉਨ੍ਹਾਂ ਨੂੰ ਦਕੋਹਾ ਰੇਲਵੇ ਫਾਟਕ ਵਾਲੀ ਸਾਈਡ ਤੋਂ ਕਾਫੀ ਦੂਰ ਤਕ ਪੈਦਲ ਹੀ ਆਉਣਾ ਪੈਂਦਾ ਹੈ, ਜਿਸ ਲਈ ਜ਼ਿੰਮੇਦਾਰ ਹੈ ਸਿਰਫ ਰੇਲਵੇ, ਕਿਉਂਕਿ ਰੇਲਵੇ ਨੇ ਪਲੇਟਫਾਰਮ ਨੰਬਰ-2 ਅਤੇ 3 'ਤੇ ਤਾਂ ਸ਼ੈੱਡ ਪਿਛਲੇ ਕਰੀਬ 10 ਸਾਲ ਪਹਿਲਾਂ ਦੀ ਬਣਾਈ ਹੋਈ ਹੈ ਪਰ ਪਲੇਟਫਾਰਮ ਨੰਬਰ-1 'ਤੇ ਸ਼ੈੱਡ ਬਣਾਉਣ ਬਾਰੇ ਕੋਈ ਧਿਆਨ ਨਹੀਂ ਦਿੱਤਾ। ਹੋਰ ਤਾਂ ਹੋਰ ਪਲੇਟਫਾਰਮ ਨੰਬਰ-1 'ਤੇ ਬ੍ਰਿਜ ਵੀ ਨਾ ਹੋਣ ਕਰਕੇ ਰੇਲ ਯਾਤਰੀਆਂ ਦੀ ਸਮੱਸਿਆ ਹੋਰ ਵੀ ਵਧ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਪਲੇਟਫਾਰਮ ਨੰਬਰ 2 ਤੋਂ 1 'ਤੇ ਆਉਣ ਲਈ ਰੇਲ ਟਰੈਕ 'ਚੋਂ ਨਿਕਲ ਕੇ ਆਉਣਾ ਪੈਂਦਾ ਹੈ ਜੋ ਕਿ ਕਿਸੇ ਖਤਰੇ ਤੋਂ ਖਾਲੀ ਨਹੀਂ ਹੈ। ਰੇਲਵੇ ਨੇ ਪਲੇਟਫਾਰਮ ਨੰਬਰ-2 ਅਤੇ 3 'ਤੇ ਬ੍ਰਿਜ ਕਾਫੀ ਪਹਿਲਾਂ ਦਾ ਬਣਾਇਆ ਹੋਇਆ ਹੈ। ਲੋਕਾਂ ਦਾ ਉਪਰੋਕਤ ਮਾਮਲੇ ਵਿਚ ਕਹਿਣਾ ਹੈ ਕਿ ਛਾਉਣੀ ਰੇਲਵੇ ਸਟੇਸ਼ਨ ਦੇ ਦੌਰੇ ਸਮੇਂ ਹੀ ਰੇਲਵੇ ਦੇ ਅਫਸਰਾਂ ਨੂੰ ਇਸ ਗੱਲ ਦੀ ਯਾਦ ਆਉਂਦਾ ਹੈ ਕਿ ਪਲੇਟਫਾਰਮ ਨੰਬਰ-1 ਤੇ ਸ਼ੈੱਡ ਅਤੇ ਬ੍ਰਿਜ ਦੀ ਸਹੂਲਤ ਨਹੀਂ ਹੈ। ਨਿਰੀਖਣ ਕਰਨ ਸਮੇਂ ਅਫਸਰ ਇਹ ਵੀ ਕਹਿ ਕੇ ਜਾਂਦੇ ਹਨ ਕਿ ਰੇਲਵੇ ਵਲੋਂ ਇਸ ਗੰਭੀਰ ਸਮੱਸਿਆ ਨੂੰ ਜਲਦੀ ਹੀ ਹੱਲ ਕੀਤਾ ਜਾਵੇਗਾ ਪਰ ਇਹ ਗੱਲਾਂ ਸਿਰਫ ਦੌਰਿਆਂ ਤਕ ਹੀ ਸੀਮਤ ਰਹਿ ਜਾਂਦੀਆਂ ਹਨ ਅਤੇ ਹੁੰਦਾ ਕੁਝ ਵੀ ਨਹੀਂ। ਰੇਲ ਯਾਤਰੀਆਂ ਦਾ ਕਹਿਣਾ ਹੈ ਕਿ ਰੇਲਵੇ 'ਤੇ ਕੋਈ ਆਸ ਰੱਖਣੀ ਨਹੀਂ ਚਾਹੀਦੀ ਕਿਉਂਕਿ ਉਨ੍ਹਾਂ ਦੇ ਐਲਾਨ ਬਾਅਦ ਵਿਚ ਜਾਂਦੇ ਤਾਂ ਠੰਡ ਬਸਤੇ 'ਚ ਹੀ ਹਨ। ਉਨ੍ਹਾਂ ਕਿਹਾ ਰੇਲਵੇ ਸਟੇਸ਼ਨਾਂ 'ਤੇ ਅਫਸਰਾਂ ਵਲੋਂ ਕੀਤੇ ਦੌਰੇ ਕਰਨੇ ਜਾਂ ਨਾ ਕਰਨੇ ਇਕ ਬਰਾਬਰ ਹਨ।