ਚੰਡੀਗੜ੍ਹ,(ਨਰੇਸ਼ ਸ਼ਰਮਾ)-ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਕ ਸਵਾਲ ਦੇ ਜਵਾਬ 'ਚ ਦੱਸਿਆ ਕਿ ਇਹ ਠੀਕ ਹੈ ਕਿ ਅਰਬਨ ਏਰੀਏ ਵਿਚ ਪਾਵਰਕਾਮ ਤੋਂ ਬਿਜਲੀ ਕੁਨੈਕਸ਼ਨ ਲੈਣ ਲਈ ਅਰਬਨ ਲੋਕਲ ਬਾਡੀਜ਼ ਤੋਂ ਐੱਨ. ਓ. ਸੀ. ਲੈਣ ਦੀ ਲੋੜ ਨਹੀਂ ਪਰ ਇਲੈਕਟ੍ਰੀਸਿਟੀ ਸਪਲਾਈ ਇੰਸਟ੍ਰਕਸ਼ਨਜ਼ ਮੈਨੂਅਲ ਦੀ ਧਾਰਾ 3.3 ਤਹਿਤ ਸ਼ਡਿਊਲ ਰੋਡ (ਰਾਸ਼ਟਰੀ/ਰਾਜ ਹਾਈਵੇ) ਨਾਲ ਲਗਦੇ ਏਰੀਏ 'ਚ ਬਿਜਲੀ ਕੁਨੈਕਸ਼ਨ ਲੈਣ ਲਈ ਸਬੰਧਤ ਕਾਰਪੋਰੇਸ਼ਨ/ਕਮੇਟੀ ਵਲੋਂ ਜਿਵੇਂ ਵੀ ਲਾਗੂ ਹੋਵੇ ਐੱਨ. ਓ. ਸੀ. ਲੈਣਾ ਜ਼ਰੂਰੀ ਹੈ। ਇਸੇ ਦੌਰਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਲੁਧਿਆਣਾ 'ਚ 181 ਅਣਅਧਿਕਾਰਤ ਕਾਲੋਨੀਆਂ ਐੱਨ. ਓ. ਸੀ. ਦੀ ਮੰਗ ਕਰ ਰਹੀਆਂ ਹਨ। ਇਹ ਲੁਧਿਆਣਾ ਦੀ ਵਸੋਂ ਦਾ 10 ਫੀਸਦੀ ਹਿੱਸਾ ਹੈ। ਇਸ ਲਈ ਇਥੇ ਐੱਨ. ਓ. ਸੀ. ਲੈਣ ਦੀ ਸ਼ਰਤ ਹਟਾਈ ਜਾਵੇ, ਜਿਸ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਇਸ 'ਤੇ ਵਿਚਾਰ ਕਰ ਲਵਾਂਗੇ। ਬੈਂਸ ਵਲੋਂ ਪੁੱਛੇ ਸਵਾਲ ਦੇ ਜਵਾਬ 'ਚ ਸਥਾਨਕ ਸਰਕਾਰ ਮੰਤਰੀ ਭਗਤ ਚੂਨੀ ਲਾਲ ਨੇ ਦੱਸਿਆ ਕਿ ਮਿਊਂਸੀਪਲ ਬਿਲਡਿੰਗ ਬਾਈਇਲਾਜ ਅੰਦਰ ਪ੍ਰਵਾਨਿਤ ਨਕਸ਼ੇ ਤੋਂ ਡੇਵੀਏਸ਼ਨ ਜੋ ਕਿ ਨਾਨ ਕੰਪਾਊਂਡੇਬਲ ਹਨ, ਸਬੰਧੀ ਜੁਰਮਾਨੇ ਦੀ ਕੋਈ ਵਿਵਸਥਾ ਨਹੀਂ ਤੇ ਇਸ ਤਰ੍ਹਾਂ ਦੀ ਵਿਵਸਥਾ ਬਾਰੇ ਕੋਈ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਨਹੀਂ ਹੈ।