ਅੰਮ੍ਰਿਤਸਰ, (ਛੀਨਾ)-ਜਹਾਜ਼ਗੜ੍ਹ 'ਚ ਅੱਜ ਉਸ ਵੇਲੇ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਜਹਾਜ਼ਗੜ੍ਹ 'ਚ ਖੋਖੇ ਢਾਹੁਣ ਆਏ ਇੰਪਰੂਵਮੈÎਂਟ ਟਰੱਸਟ ਦੇ ਅਮਲੇ ਨੂੰ ਦੁਕਾਨਦਾਰਾਂ ਦੇ ਭਾਰੀ ਰੋਹ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਖੋਖੇ ਢਾਹੁਣ ਆਏ ਅਮਲੇ ਦਾ ਵਿਰੋਧ ਕਰ ਕਰ ਰਹੇ ਗੁਰੂ ਨਾਨਕ ਆਟੋ ਮੋਬਾਇਲ ਮਕੈਨਿਕ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਲਾਡੀ ਤੇ ਉਪ ਪ੍ਰਧਾਨ ਸਰਬਜੀਤ ਸਿੰਘ ਬੱਬੀ ਨੇ ਕਿਹਾ ਕਿ ਇੰਪਰੂਵਮੈਂਟ ਟਰੱਸਟ ਨੂੰ ਜਹਾਜ਼ਗੜ੍ਹ 'ਚ ਨਾਜਾਇਜ਼ ਤੌਰ 'ਤੇ ਲੱਗੇ ਖੋਖੇ ਤਾਂ ਦਿਖਾਈ ਨਹੀਂ ਦਿੰਦੇ ਤੇ ਪਰਚੀ ਵਾਲੇ ਖੋਖਿਆਂ ਨੂੰ ਆਏ ਦਿਨ ਮਲੀਆਮੇਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇੰਪਰੂਵਮੈਂਟ ਟਰੱਸਟ ਦੇ ਅਮਲੇ ਵਲੋਂ ਅੱਜ ਜਿਨ੍ਹਾਂ ਖੋਖਿਆਂ ਨੂੰ ਢਾਹੁਣ ਦਾ ਯਤਨ ਕੀਤਾ ਗਿਆ ਹੈ, ਉਨ੍ਹਾਂ ਖੋਖਿਆਂ ਦਾ ਲੰਮੇ ਸਮੇਂ ਤੋਂ ਕੋਰਟ 'ਚ ਕੇਸ ਚੱਲ ਰਿਹਾ ਹੈ ਤੇ ਕਰੀਬ 15 ਸਾਲਾਂ ਤੋਂ ਕੋਰਟ ਨੇ ਦੁਕਾਨਦਾਰਾਂ ਨੂੰ ਇਨ੍ਹਾਂ ਖੋਖਿਆਂ ਦਾ ਸਟੇਅ ਵੀ ਦਿੱਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਫੀ ਸਮਾਂ ਪਹਿਲਾਂ ਇੰਪਰੂਵਮੈਂਟ ਟਰੱਸਟ ਵਲੋਂ ਸਥਾਨਕ ਦੁਕਾਨਦਾਰਾਂ ਨੂੰ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਟਰੱਸਟ ਵਲੋਂ 250 ਰੁਪਏ ਗਜ਼ ਦੇ ਹਿਸਾਬ ਨਾਲ 133 ਗਜ਼ ਦੇ ਪਲਾਟ ਦਿਤੇ ਜਾਣਗੇ, ਜਿਸ ਲਈ ਸਮੂਹ ਦੁਕਾਨਦਾਰਾਂ ਨੇ ਪੇਸ਼ਗੀ ਦੇ ਤੌਰ 'ਤੇ 3000 ਰੁਪਏ ਦੇ ਹਿਸਾਬ ਨਾਲ ਰੁਪਏ ਵੀ ਜਮ੍ਹਾ ਕਰਵਾ ਦਿਤੇ ਪਰ ਫਿਰ ਵੀ ਟਰੱਸਟ ਵਲੋਂ ਉਨ੍ਹਾਂ ਨੂੰ ਕੋਈ ਪਲਾਟ ਨਹੀਂ ਦਿੱਤਾ ਗਿਆ ਤੇ ਉਲਟਾ ਪਹਿਲਾਂ ਤੋਂ ਬਣੇ ਖੋਖਿਆਂ ਨੂੰ ਢਾਹੁਣ ਦਾ ਯਤਨ ਕੀਤਾ ਗਿਆ, ਜਿਸ ਕਾਰਨ ਸਮੂਹ ਦੁਕਾਨਦਾਰਾਂ ਨੇ ਮਾਣਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਿਥੋਂ ਸਾਨੂੰ ਆਪਣਾ ਕਾਰੋਬਾਰ ਚਲਾਉਣ ਲਈ ਸਟੇਅ ਜਾਰੀ ਕਰ ਦਿੱਤਾ ਗਿਆ। ਇਸ ਮੌਕੇ ਇੰਪਰੂਵਮੈਂਟ ਟਰੱਸਟ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਦੁਕਾਨਦਾਰਾਂ ਨੇ ਕਿਹਾ ਕਿ ਜਦੋਂ ਤਕ ਸਾਨੂੰ ਨਵੇਂ ਪਲਾਟ ਨਹੀਂ ਅਲਾਟ ਕੀਤੇ ਜਾਂਦੇ, ਓਨੀ ਦੇਰ ਤਕ ਅਸੀਂ ਇਹ ਖੋਖੇ ਕਿਸੇ ਵੀ ਕੀਮਤ 'ਤੇ ਢਹਿ-ਢੇਰੀ ਨਹੀਂ ਹੋਣ ਦਿਆਂਗੇ, ਇਸ ਵਾਸਤੇ ਚਾਹੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਹੀ ਕਿਉਂ ਨਾ ਦੇਣੀ ਪਵੇ। ਇਸ ਸੰਬੰਧ 'ਚ ਜਦੋਂ ਇੰਪਰੂਵਮੈਂਟ ਟਰੱਸਟ ਦੇ ਐੱਸ. ਸੀ. ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਖੋਖਿਆਂ 'ਤੇ ਮਾਣਯੋਗ ਅਦਾਲਤ ਵਲੋਂ ਸਟੇਅ ਜਾਰੀ ਹੋਇਆ ਹੋਵੇਗਾ, ਉਨ੍ਹਾਂ ਨੂੰ ਨਹੀਂ ਛੇੜਿਆ ਜਾਵੇਗਾ ਤੇ ਨਾਜਾਇਜ਼ ਖੋਖਿਆਂ ਨੂੰ ਉਥੋਂ ਹਟਾ ਦਿਤਾ ਜਾਵੇਗਾ।