ਜਲੰਧਰ, (ਧਵਨ)¸ ਪੰਜਾਬ ਦੀ ਮੁੱਖ ਸੰਸਦੀ ਸਕੱਤਰ (ਸਿਹਤ) ਨਵਜੋਤ ਕੌਰ ਨੇ ਸੰਕੇਤ ਦਿਤੇ ਹਨ ਕਿ ਲੋੜ ਪੈਣ 'ਤੇ ਜਲੰਧਰ ਦੇ ਸਿਵਲ ਹਸਪਤਾਲ ਵਿਚ ਸਿਹਤ ਸਹੂਲਤਾਂ ਨਾ ਮਿਲਣ ਦੇ ਕਾਰਨ ਹੋਈ ਤਿੰਨ ਦਿਨਾਂ ਦੀ ਨਵਜਾਤ ਬੱਚੀ ਦੀ ਮੌਤ ਦੀ ਜਾਂਚ ਕਿਸੇ ਹੋਰ ਟੀਮ ਨੂੰ ਸੌਂਪੀ ਜਾਵੇਗੀ। ਨਵਜੋਤ ਕੌਰ ਅੱਜ ਇਥੇ ਸਿਵਲ ਹਸਪਤਾਲ ਦੇ ਰਿਕਾਰਡ ਦੀ ਚੈਕਿੰਗ ਕਰਨ ਆਈ ਸੀ। ਉਨ੍ਹਾਂ ਕਿਹਾ ਕਿ ਡੀ. ਸੀ. ਵਲੋਂ ਕੀਤੀ ਜਾ ਰਹੀ ਜਾਂਚ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਸੰਬੰਧ ਵਿਚ ਕੋਈ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕੇਸ ਵਿਚ ਕਿਸੇ ਦੇ ਨਾਲ ਅਨਿਆਂ ਨਹੀਂ ਹੋਣ ਦਿਤਾ ਜਾਵੇਗਾ ਅਤੇ ਜ਼ਿੰਮੇਵਾਰ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਜਾਗਰੂਕਤਾ ਕੈਂਪ ਲਾਏ ਜਾ ਰਹੇ ਹਨ। ਸੂਬੇ ਦੇ 6 ਜ਼ਿਲਿਆਂ ਵਿਚ ਆਧੁਨਿਕ ਨਸ਼ਾ ਛੁਡਾਓ ਕੈਂਪ ਸਥਾਪਿਤ ਕੀਤੇ ਜਾਣਗੇ ਜਿਸ ਦੇ ਲਈ ਫੰਡ ਜਾਰੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਚੰਗੀਆਂ ਸਿਹਤ ਸੇਵਾਵਾਂ ਦੇਣ ਲਈ ਚਾਲੂ ਸਾਲ ਵਿਚ 350 ਕਰੋੜ ਰੁਪਏ ਖਰਚ ਕੀਤੇ ਜਾਣਗੇ, ਜਿਸ ਨਾਲ ਹਸਪਤਾਲਾਂ ਵਿਚ ਜ਼ਰੂਰੀ ਸਾਜ਼ੋ-ਸਾਮਾਨ ਮੁਹੱਈਆ ਕਰਵਾਇਆ ਜਾਵੇਗਾ ਅਤੇ ਹਸਪਤਾਲਾਂ ਵਿਚ ਸਟਾਫ ਦੀ ਕਮੀ ਨੂੰ ਪੂਰਾ ਕੀਤਾ ਜਾਵੇਗਾ।