ਲੁਧਿਆਣਾ,(ਮੁੱਲਾਂਪੁਰੀ)-ਦੇਸ਼ ਅੰਦਰ ਲੋਕਪਾਲ ਬਿੱਲ ਲੈ ਕੇ ਚਰਚਾ 'ਚ ਆਏ ਗਾਂਧੀਵਾਦੀ ਨੇਤਾ ਅੰਨਾ ਹਜ਼ਾਰੇ ਨੇ ਜੋ ਕਲ ਦਿੱਲੀ 'ਚ ਆਪਣਾ 9 ਦਿਨਾਂ ਮਰਨ ਵਰਤ ਤੋੜ ਕੇ ਰਾਜਸੀ ਪਾਰਟੀ ਬਣਾਉਣ ਤੇ ਰਾਜ ਕਰਦੀ ਤੇ ਵਿਰੋਧੀ ਪਾਰਟੀ ਨੂੰ ਦੇਸ਼ ਦੀ ਰਾਜਨੀਤੀ ਤੋਂ ਦੂਰ ਕਰਨ ਲਈ ਦੇਸ਼ ਦਾ ਦੌਰਾ ਕਰਨ ਦੀ ਜੋ ਗੱਲ ਆਖੀ ਹੈ, ਉਸ ਨੂੰ ਲੈ ਕੇ ਅੰਨਾ ਹਜ਼ਾਰੇ ਦੇ ਸਮਰਥਕ ਤੇ ਉਨ੍ਹਾਂ ਦੀ ਸੋਚ ਰੱਖਣ ਵਾਲੀਆਂ ਪਾਰਟੀਆਂ ਦੇ ਨੇਤਾ ਕੱਛਾਂ ਵਜਾਉਣ ਲੱਗ ਪਏ ਹਨ, ਜਦੋਂਕਿ ਕਾਂਗਰਸ ਤੇ ਭਾਜਪਾ ਤੇ ਹੋਰਨਾਂ ਪਾਰਟੀਆਂ ਨੇ ਅੰਨਾ ਦੇ ਅਸਲੀ ਚਿਹਰੇ ਦੇ ਨੰਗੇ ਹੋਣ ਦੀ ਗੱਲ ਆਖੀ ਹੈ।ਜੇਕਰ ਸੱਚਮੁੱਚ ਅੰਨਾ ਹਜ਼ਾਰੇ ਨੇ ਦੇਸ਼ ਅੰਦਰ ਆਪਣਾ ਅਮਲਾ ਫੈਲਾ ਲੈ ਕੇ ਧੂੰਆਂਧਾਰ ਪ੍ਰਚਾਰ ਕਰਨਾ ਸ਼ੁਰੂ ਕੀਤਾ ਤਾਂ ਖਾਸ ਕਰਕੇ ਪੰਜਾਬ 'ਚ ਅੰਨਾ ਹਜ਼ਾਰੇ ਦੇ ਰੱਥ ਦੇ ਪੀ. ਪੀ ਪੀ. ਪਾਰਟੀ ਦੇ ਕੌਮੀ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਰਥਵਾਨ ਬਣ ਸਕਦੇ ਹਨ ਕਿਉਂਕਿ ਉਨ੍ਹਾਂ ਦਾ ਅੱਜਕਲ ਅਕਾਲੀ ਦਲ, ਕਾਂਗਰਸ ਤੇ ਭਾਜਪਾ ਨਾਲ 36 ਦਾ ਅੰਕੜਾ ਹੈ ਤੇ ਮਨਪ੍ਰੀਤ ਸਿੰਘ ਬਾਦਲ ਪੰਜਾਬ 'ਚ ਤੀਜੇ ਬਦਲ ਦੀ ਦੁਹਾਈ ਦੇ ਚੁੱਕੇ ਹਨ ਪਰ  ਸਫਲ ਨਹੀਂ ਹੋਏ। ਹੁਣ ਅੰਨਾ ਹਜ਼ਾਰੇ ਨੇ ਜੇਕਰ ਆਪਣਾ ਰਾਜਸੀ ਰੱਥ ਪੰਜਾਬ ਵੱਲ ਮੋੜਿਆ ਤਾਂ ਮਨਪ੍ਰੀਤ ਸਿੰਘ ਬਾਦਲ ਜ਼ਰੂਰ ਉਨ੍ਹਾਂ ਦਾ ਰਥਵਾਨ ਬਣ ਕੇ ਲੋਕ ਰਾਏ ਪੈਦਾ ਕਰ ਸਕਦੇ ਹਨ।