ਬਠਿੰਡਾ- ਹਰਿਆਣਾ ਦੇ ਹੋਂਦ ਚਿੱਲੜ ਤੇ ਹੇਲੀ ਮੰਡੀ ਤੋਂ ਬਾਅਦ ਗੁਧਾ ਤੇ ਕਨੀਣਾ ਵਿਚ ਵੀ 1984 ਦੌਰਾਨ ਸਿੱਖਾਂ ਦੀ ਵਿਆਪਕ ਨਸਲਕੁਸ਼ੀ ਹੋਈ, ਜਦਕਿ ਕਈ ਸਿੱਖਾਂ ਨੂੰ ਆਪਣੀ ਜਾਨ ਬਚਾ ਕੇ ਹਰਿਆਣਾ ਤੋਂ ਭੱਜਣਾ ਪਿਆ। ਉਕਤ ਖੁਲਾਸਾ ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ ਤੇ ਸਿੱਖਸ ਫਾਰ ਜਸਟਿਸ ਵਲੋਂ ਇਥੇ ਪੱਤਰਕਾਰਾਂ ਸਾਹਮਣੇ ਮੌਕੇ ਦੇ ਗਵਾਹਾਂ ਨੂੰ ਪੇਸ਼ ਕਰਕੇ ਕੀਤਾ ਗਿਆ। ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲਾ ਮਹਿੰਦਰਗੜ੍ਹ ਦੇ ਪਿੰਡ ਗੁਧਾ ਦੇ ਸਾਬਕਾ ਸਰਪੰਚ ਖੇਮ ਸਿੰਘ ਹਾਲ ਆਬਾਦ ਬਠਿੰਡਾ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸੁਨਿਯੋਜਿਤ ਢੰਗ ਨਾਲ ਸਿੱਖਾਂ 'ਤੇ ਹਮਲੇ ਕਰਕੇ ਉਨ੍ਹਾਂ ਦਾ ਖਾਤਮਾ ਕੀਤਾ ਗਿਆ। ਸਿੱਖਾਂ ਦੇ ਸੈਂਕੜੇ ਦੀ ਗਿਣਤੀ ਵਿਚ ਪਰਿਵਾਰ ਗੁਧਾ-ਕੇਮਲਾ ਵਿਚ ਰਹਿੰਦੇ ਸਨ ਤੇ ਇਨ੍ਹਾਂ ਦੇ ਕਾਰੋਬਾਰ ਕਨੀਣਾ ਮੰਡੀ ਵਿਚ ਸਨ। ਉਕਤ ਸਮੇਂ ਹਥਿਆਰਾਂ ਨਾਲ ਲੈਸ ਦਸਤੇ ਨੇ ਗੁਧਾ ਤੇ ਕਨੀਣਾ ਵਿਚ ਹਮਲੇ ਕਰਕੇ ਸਿੱਖਾਂ ਦੇ ਘਰਾਂ ਤੇ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਤੇ ਉਕਤ ਦੋਵੇਂ ਪਿੰਡਾਂ ਵਿਚੋਂ ਸਿੱਖਾਂ ਦਾ ਖਾਤਮਾ ਕਰ ਦਿੱਤਾ। ਖੇਮ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਵਲੋਂ ਸੁੰਦਰ ਸਿੰਘ ਦੇ ਘਰ ਨੂੰ ਅੱਗ ਲਗਾਉਣ ਤੋਂ ਬਾਅਦ ਸਿੱਖਾਂ ਨੇ ਮਰਹੂਮ ਹਰਨਾਮ ਸਿੰਘ ਦੀ ਹਵੇਲੀ ਵਿਚ ਜਾ ਕੇ ਸ਼ਰਨ ਲੈ ਲਈ, ਜਿਸ ਨੂੰ ਹਮਲਾਵਰਾਂ ਨੇ ਇਕ ਹਫਤੇ ਤੱਕ ਘੇਰਾ ਪਾਈ ਰੱਖਿਆ। ਇਸੇ ਦੌਰਾਨ ਕਨੀਣਾ ਵਿਚ ਸਿੱਖਾਂ ਦਾ ਵਿਆਪਕ ਪੱਧਰ 'ਤੇ ਕਤਲੇਆਮ ਕੀਤਾ ਗਿਆ। ਹਰਨਾਮ ਸਿੰਘ ਦੇ ਪੁੱਤਰ ਉੱਤਮ ਸਿੰਘ ਮੱਕੜ ਨੇ ਦੱਸਿਆ ਕਿ ਉਕਤ ਖੇਤਰਾਂ ਵਿਚ ਸਿੱਖਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਯੋਜਨਾ ਬਣਾਈ ਗਈ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨਾਲ ਕੁਝ ਸਿੱਖ ਉਥੋਂ ਜਾਨ ਬਚਾ ਕੇ ਨਿਕਲਣ ਵਿਚ ਕਾਮਯਾਬ ਹੋ ਗਏ। ਉਨ੍ਹਾਂ ਕਿਹਾ ਕਿ ਪਿਛਲੇ 28 ਸਾਲਾਂ ਦੌਰਾਨ ਕਿਸੇ ਵੀ ਜਾਂਚ ਕਮਿਸ਼ਨ ਨੇ ਗੁਧਾ ਤੇ ਕਨੀਣਾ ਵਿਚ ਹੋਏ ਸਿੱਖਾਂ ਦੇ ਕਤਲੇਆਮ ਦੀ ਜਾਂਚ ਨਹੀਂ ਕੀਤੀ। ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਤੇ ਜਨਰਲ ਸਕੱਤਰ ਦਵਿੰਦਰ ਸਿੰਘ ਸੋਢੀ ਨੇ ਕਿਹਾ ਕਿ ਉਕਤ ਹਮਲੇ ਸੁਨਿਯੋਜਿਤ ਢੰਗ ਨਾਲ ਸਿੱਖਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਕੀਤੇ ਗਏ। ਉਨ੍ਹਾਂ ਕਿਹਾ ਕਿ 28 ਸਾਲਾਂ ਦੌਰਾਨ ਹਰਿਆਣਾ ਸਰਕਾਰ ਨੇ ਨਵੰਬਰ 1984 ਦੌਰਾਨ ਪੁਲਸ ਥਾਣਾ ਕਨੀਣਾ ਵਿਚ ਦਰਜ ਕੀਤੀ ਗਈ ਇਕ ਇਕ ਐੱਫ. ਆਈ. ਆਰ. 'ਤੇ ਕਦੇ ਗੌਰ ਨਹੀਂ ਕੀਤਾ ਤੇ ਪਿੰਡ ਗੁਧਾ ਦੀ ਸਮੁੱਚੀ ਸਿੱਖ ਆਬਾਦੀ ਨੂੰ ਖਤਮ ਕਰਨ ਦੀ ਕਦੇ ਜਾਂਚ ਨਹੀਂ ਕੀਤੀ। ਉਨ੍ਹਾਂ ਮੰਗ ਕੀਤੀ ਕਿ ਹੋਰ ਥਾਵਾਂ ਦੇ ਨਾਲ-ਨਾਲ ਪਿੰਡ ਗੁਧਾ ਤੇ ਕਨੀਣਾ ਵਿਚ ਹੋਏ ਇਸ ਕਤਲੇਆਮ ਦੀ ਵੀ ਜਾਂਚ ਕਰਵਾ ਕੇ ਜ਼ਿੰਮੇਵਾਰ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।