ਮੋਹਾਲੀ- ਅਨੁਰਾਧਾ ਬਾਲੀ ਉਰਫ ਫਿਜ਼ਾ ਦੀ ਮੌਤ ਨੂੰ ਲੈ ਕੇ ਉਸ ਵਲੋਂ ਆਤਮ ਹੱਤਿਆ ਕੀਤੇ ਜਾਣ ਨੂੰ ਲੈ ਕੇ ਅਫਵਾਹ ਫੈਲੀ। ਜਿਉਂ-ਜਿਉਂ ਸਮਾਂ ਬੀਤਦਾ ਗਿਆ ਅਤੇ ਪੁਲਸ ਜਾਂਚ ਕਰਦੀ ਰਹੀ ਤਾਂ ਇਹ ਗੱਲ ਨਿਕਲ ਕੇ ਆਈ ਕਿ ਮੌਤ ਦੇ ਕਾਰਨਾਂ ਦਾ ਪਤਾ ਤੇ ਜਾਂਚ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਾਫ ਹੋ ਪਾਏਗੀ ਪਰੰਤੂ ਜੋ ਫੋਟੋਗ੍ਰਾਫ ਫਿਜ਼ਾ ਦੇ ਸਭ ਤੋਂ ਪਹਿਲਾਂ ਲਏ ਗਏ, ਉਨ੍ਹਾਂ ਵਿਚ ਕਈ ਅਜਿਹੇ ਸਬੂਤ ਹਨ ਜੋ ਕਤਲ ਵੱਲ ਇਸ਼ਾਰਾ ਕਰਦੇ ਹਨ ਅਤੇ ਪੁਲਸ ਨੂੰ ਫਿਜ਼ਾ ਦੇ ਉਨ੍ਹਾਂ ਦੋ ਬਾਡੀਗਾਰਡਾਂ ਦੀ ਵੀ ਤਲਾਸ਼ ਹੈ ਜੋ ਪਿਛਲੇ ਕੁਝ ਮਹੀਨਿਆਂ ਤੋਂ ਉਨ੍ਹਾਂ ਦੇ ਨਾਲ ਰਹਿੰਦੇ ਸਨ।
ਸਰੀਰ 'ਤੇ ਟਰੈਕ ਸੂਟ ਤਾਂ ਗਲੇ 'ਚ ਚੁੰਨੀ ਕਿਵੇਂ ਆਈ?
ਫਿਜ਼ਾ ਦੀ ਜੋ ਲਾਸ਼ ਬਿਸਤਰ 'ਤੇ ਫੁੱਲ ਕੇ ਆਕੜੀ ਪਈ ਸੀ, ਉਸ ਲਾਸ਼ ਦੇ ਗਲ 'ਚ ਇਕ ਲਾਲ ਰੰਗ ਦੀ ਚੁੰਨੀ ਵੀ ਦਿਖਾਈ ਦੇ ਰਹੀ ਸੀ, ਜਦੋਂਕਿ ਫਿਜ਼ਾ ਦੇ ਸਰੀਰ 'ਤੇ ਟਰੈਕ ਸੂਟ ਵਰਗੇ ਕੱਪੜੇ ਪਹਿਨੇ ਹੋਏ ਸਨ। ਟਰੈਕ ਸੂਟ 'ਤੇ ਬਹੁਤ ਘੱਟ ਔਰਤਾਂ ਚੁੰਨੀ ਲੈਂਦੀਆਂ ਹਨ ਪਰੰਤੂ ਫਿਜ਼ਾ ਦੇ ਗਲ਼ੇ ਵਿਚ ਚੁੰਨੀ ਕਿੱਥੋਂ ਅਤੇ ਕਿਵੇਂ ਆਈ, ਇਹ ਇਕ ਅਜਿਹਾ ਸਬੂਤ ਹੈ ਜੋ ਕਤਲ ਵੱਲ ਇਸ਼ਾਰਾ ਕਰਦਾ ਹੈ ਕਿ ਫਿਜ਼ਾ ਦਾ ਕਤਲ ਗਲ਼ਾ ਦਬਾ ਕੇ ਕੀਤਾ ਗਿਆ ਹੈ।
ਬੈੱਡ ਤੋਂ 3 ਫੁੱਟ ਦੂਰ ਜ਼ਮੀਨ 'ਤੇ ਡੁੱਲ੍ਹਿਆ ਖੂਨ
ਫਿਜ਼ਾ ਦੇ ਬੈੱਡਰੂਮ ਵਿਚ ਜਿਸ ਬੈੱਡ 'ਤੇ ਉਸਦੀ ਲਾਸ਼ ਪਈ ਸੀ, ਉਸੇ ਬੈੱਡ ਤੋਂ ਫਿਜ਼ਾ ਦੀ ਇਕ ਬਾਂਹ ਹੇਠਾਂ ਲਟਕੀ ਹੋਈ ਸੀ। ਇਸ ਬੈੱਡ ਤੋਂ ਤਿੰਨ ਫੁੱਟ ਦੂਰ ਜ਼ਮੀਨ 'ਤੇ ਖੂਨ ਡੁੱਲ੍ਹਿਆ ਹੋਇਆ ਹੈ, ਜਦੋਂਕਿ ਹੱਥ ਉਥੇ ਤੱਕ ਨਹੀਂ ਪਹੁੰਚ ਪਾ ਰਿਹਾ। ਇਹ ਜ਼ਮੀਨ 'ਤੇ ਖੂਨ ਕਿੱਥੋਂ ਆਇਆ। ਇਹ ਵੀ ਪੁਲਸ ਦੀ ਜਾਂਚ ਦਾ ਵਿਸ਼ਾ ਹੈ।
ਫਿਜ਼ਾ ਦੇ ਬਾਡੀਗਾਰਡ ਕਿੱਥੇ ਗਏ?
ਫਿਜ਼ਾ ਜਦੋਂ ਕਿਤੇ ਜਾਂਦੀ ਸੀ ਤਾਂ ਉਸ ਦੇ ਨਾਲ ਦੋ ਲੜਕੇ ਹੋਇਆ ਕਰਦੇ ਸਨ, ਜਿਨ੍ਹਾਂ ਨੂੰ ਉਹ ਆਪਣੇ ਬਾਡੀਗਾਰਡ ਦੱਸਦੀ ਸੀ। ਇਹ ਦੋਵੇਂ ਲੜਕੇ ਫਿਜ਼ਾ ਦੇ ਅਨੁਸਾਰ ਯੂ. ਪੀ. ਦੇ ਰਹਿਣ ਵਾਲੇ ਸਨ, ਜਦੋਂ ਵੀ ਫਿਜ਼ਾ ਪੁਲਸ ਸਟੇਸ਼ਨ, ਅਦਾਲਤ ਜਾਂ ਕਿਸੇ ਹੋਰ ਜਗ੍ਹਾ 'ਤੇ ਹੁੰਦੀ ਤਾਂ ਇਹ ਲੜਕੇ ਉਸ ਦੇ ਨਾਲ ਹੁੰਦੇ ਸਨ, ਪਰ ਫਿਜ਼ਾ ਦੀ ਮੌਤ ਤੋਂ ਬਾਅਦ ਇਹ ਬਾਡੀਗਾਰਡ ਵੀ ਦਿਖਾਈ ਨਹੀਂ ਦੇ ਰਹੇ ਹਨ।
ਘਰ ਦੇ ਦਰਵਾਜ਼ੇ ਦਾ ਤਾਲਾ ਅੰਦਰ ਲਟਕਿਆ ਹੋਇਆ ਸੀ
ਫਿਜ਼ਾ ਦੇ ਚਾਚਾ ਸਤਪਾਲ ਦੇ ਅਨੁਸਾਰ ਜਦੋਂ ਉਹ ਘਰ ਆਇਆ ਤਾਂ ਉਸਨੇ ਦਰਵਾਜ਼ਾ ਖੜਕਾਇਆ। ਦਰਵਾਜ਼ਾ ਅੰਦਰੋਂ ਬੰਦ ਸੀ ਪਰੰਤੂ ਗਰਿੱਲ ਦੇ ਅੰਦਰ ਖੁੱਲ੍ਹਾ ਤਾਲਾ ਅਟਕਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਹ ਉਸ ਤਾਲੇ ਨੂੰ ਕੱਢ ਕੇ ਘਰ ਦੇ ਅੰਦਰ ਪ੍ਰਵੇਸ਼ ਹੋਏ ਅਤੇ ਫਿਜ਼ਾ ਦੇ ਕਮਰੇ ਦਾ ਦਰਵਾਜ਼ਾ ਬੰਦ ਸੀ ਪਰੰਤੂ ਜਦੋਂ ਉਨ੍ਹਾਂ ਨੇ ਉਸ ਨੂੰ ਧੱਕਾ ਲਗਾਇਆ ਤਾਂ ਉਹ ਖੁੱਲ੍ਹ ਗਿਆ।
ਵੱਡੇ ਪਰਿਵਾਰ ਨਾਲ ਦੁਸ਼ਮਣੀ
ਫਿਜ਼ਾ ਦੇ ਦੋਸਤ ਤੇ ਵਕੀਲ ਐਡਵੋਕੇਟ ਦਲੀਪ ਮਹਾਜਨ ਨੇ ਕਿਹਾ ਕਿ ਫਿਜ਼ਾ ਦੀ ਮੌਤ ਆਮ ਨਹੀਂ ਹੈ, ਉਸ ਨੂੰ ਸਾਜਿਸ਼ ਦੇ ਤਹਿਤ ਮਾਰਿਆ ਗਿਆ ਲਗਦਾ ਹੈ। ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਫਿਜ਼ਾ ਦੀ ਵੱਡੇ ਘਰਾਣਿਆਂ ਨਾਲ ਦੁਸ਼ਮਣੀ ਸੀ, ਇਸ ਲਈ ਇਸ ਨੂੰ ਆਮ ਮੌਤ ਨਹੀਂ ਮੰਨਿਆ ਜਾ ਸਕਦਾ।
2 ਸਾਲ ਤੋਂ ਫਿਜ਼ਾ ਨਾਲ ਕੋਈ ਵਾਸਤਾ ਨਹੀਂ- ਚੰਦਰਮੋਹਨ
ਹਰਿਆਣਾ ਦੇ ਸਾਬਕਾ ਡਿਪਟੀ ਸੀ. ਐਮ. ਅਤੇ ਹਰਿਆਣਾ ਜਨਹਿਤ ਕਾਂਗਰਸ ਦੇ ਉੱਘੇ ਨੇਤਾ ਚੰਦਰ ਮੋਹਨ ਬਿਸ਼ਨੋਈ ਦਾ ਕਹਿਣਾ ਹੈ ਕਿ ਪਿਛਲੇ ਸਾਲ ਤੋਂ ਉਨ੍ਹਾਂ ਦਾ ਫਿਜ਼ਾ ਨਾਲ ਕੋਈ ਵਾਸਤਾ ਨਹੀਂ ਸੀ। ਉਹ ਫਿਜ਼ਾ ਨਾਲ ਪਹਿਲਾਂ ਆਪਣਾ ਨਾਤਾ ਤੋੜ ਚੁੱਕੇ ਹਨ। ਇਸ ਲਈ ਇਸ ਬਾਰੇ ਉਹ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦੇ।
ਫਿਜ਼ਾ ਦੀ ਜ਼ਿੰਦਗੀ ਦੇ ਪ੍ਰਮੁੱਖ ਪੜਾਅ:-
ਅਨੁਰਾਧਾ ਬਾਲੀ ਉਰਫ ਫਿਜ਼ਾ ਇਕ ਮੱਧ ਵਰਗੀ ਪਰਿਵਾਰ ਨਾਲ ਸਬੰਧਤ ਸੀ। ਉਹ ਜਿਸ ਤਰ੍ਹਾਂ ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਚੰਦਰ ਮੋਹਨ ਨਾਲ ਪ੍ਰੇਮ ਪ੍ਰਸੰਗ ਦੇ ਚਲਦੇ ਸੁਰਖੀਆਂ ਵਿਚ ਆਈ ਸੀ, ਉਸ ਤੋਂ ਬਾਅਦ ਉਸ ਨੇ ਅਨੇਕਾਂ ਵਿਅਕਤੀਆਂ ਨਾਲ ਵਿਵਾਦ ਖੜ੍ਹੇ ਕੀਤੇ। ਆਖਿਰਕਾਰ ਬੱਚਿਆਂ ਨਾਲ ਹੋਏ ਵਿਵਾਦ ਕਾਰਨ ਉਹ ਧਰਾਸ਼ਾਹੀ ਹੋਈ ਸੀ। ਫਿਜ਼ਾ ਆਪਣੇ ਘਰ ਵਾਲਿਆਂ, ਗੁਆਂਢੀਆਂ ਦੇ ਨਾਲ ਵੀ ਵਿਵਾਦਿਤ ਵਿਵਹਾਰ ਦੇ ਕਾਰਨ ਚਰਚਾ ਵਿਚ ਰਹੀ ਸੀ।
ਜੂਸ ਦੀ ਦੁਕਾਨ 'ਤੇ ਮਿਲੇ ਸਨ ਫਿਜ਼ਾ ਤੇ ਚੰਦਰਮੋਹਨ
ਚੰਦਰਮੋਹਨ ਅਤੇ ਅਨੁਰਾਧਾ ਬਾਲੀ ਚੰਡੀਗੜ੍ਹ ਵਿਚ ਜੂਸ ਦੀ ਦੁਕਾਨ 'ਤੇ ਮਿਲੇ ਸਨ ਅਤੇ ਦੋਵਾਂ ਵਿਚ ਪਿਆਰ ਹੋ ਗਿਆ।
ਚੰਦਰਮੋਹਨ ਅਤੇ ਅਨੁਰਾਧਾ ਬਾਲੀ ਦਾ ਪਿਆਰ ਤਕਰੀਬਨ 8 ਸਾਲ ਪੁਰਾਣਾ ਹੈ। ਲਗਭਗ 4 ਸਾਲ ਤੱਕ ਲੁਕ-ਲੁਕ ਕੇ ਦੋਵਾਂ ਦਾ ਪਿਆਰ ਚੱਲਦਾ ਰਿਹਾ। ਚੰਦਰਮੋਹਨ ਦੇ ਕਰੀਬੀ ਦੋਸਤਾਂ ਦਾ ਮੰਨਣਾ ਹੈ ਕਿ ਫਿਜ਼ਾ ਅਨੁਰਾਧਾ ਬਾਲੀ ਦੇ ਨਾਲ ਵਿਆਹ ਤੋਂ ਬਾਅਦ ਕਈ ਤਰ੍ਹਾਂ ਦੇ ਵਿਵਾਦ ਅਤੇ ਦੋਸ਼ਾਂ ਦੇ ਕਾਰਣ ਚੰਦਰਮੋਹਨ ਆਪਣੀ ਦੂਜੀ ਪਤਨੀ ਮਤਲਬ ਫਿਜ਼ਾ ਅਨੁਰਾਧਾ ਬਾਲੀ ਤੋਂ ਅਲੱਗ ਹੋ ਗਏ ਸਨ।
ਡਿਪਟੀ ਸੀ. ਐੱਮ. ਨਾਲ ਸ਼ਾਦੀ ਮਗਰੋਂ ਸ਼ੁਰੂ ਹੋਏ ਬੁਰੇ ਦਿਨ
ਫਿਜ਼ਾ ਵਲੋਂ ਧਰਮ ਪਰਿਵਰਤਨ ਕਰਕੇ ਸਾਬਕਾ ਡਿਪਟੀ ਸੀ. ਐੱਮ. ਹਰਿਆਣਾ ਚੰਦਰ ਮੋਹਨ ਉਰਫ ਚਾਂਦ ਮੁਹੰਮਦ ਨਾਲ ਸ਼ਾਦੀ ਕੀਤੀ ਸੀ। ਉਸ ਦੇ ਨਾਲ ਹੀ ਫਿਜ਼ਾ ਦੇ ਬੁਰੇ ਦਿਨ ਸ਼ੁਰੂ ਹੋ ਗਏ ਸਨ। ਵਿਆਹ ਦੇ ਕੁਝ ਦਿਨਾਂ ਮਗਰੋਂ ਹੀ ਚੰਦਰ ਮੋਹਨ ਨੂੰ ਆਪਣਾ ਉੁਪ ਮੁੱਖ ਮੰਤਰੀ ਦਾ ਅਹੁਦਾ ਗੁਆਉਣਾ ਪਿਆ ਸੀ। ਕੁਝ ਦਿਨ ਇਕੱਠੇ ਰਹਿਣ ਮਗਰੋਂ ਚੰਦਰ ਮੋਹਨ ਵਿਦੇਸ਼ ਚਲੇ ਗਏ ਅਤੇ ਉਨ੍ਹਾਂ ਨੇ ਲੰਡਨ ਜਾ ਕੇ ਫਿਜ਼ਾ ਨੂੰ ਤਲਾਕ ਦੇ ਦਿੱਤਾ ਸੀ। ਤਲਾਕ ਨੂੰ ਲੈ ਕੇ ਫਿਜ਼ਾ ਨੇ ਮੋਹਾਲੀ ਪੁਲਸ ਕੋਲ ਸ਼ਿਕਾਇਤ ਕੀਤੀ ਸੀ ਪਰ ਚੰਦਰ ਮੋਹਨ ਨੇ ਫੈਕਸ ਦੇ ਜ਼ਰੀਏ ਪੁਲਸ ਨੂੰ ਤਲਾਕ ਵਾਲੀ ਗੱਲ ਦੀ ਜਾਣਕਾਰੀ ਦਿੱਤੀ ਸੀ। ਉਦੋਂ ਤੋਂ ਹੀ ਫਿਜ਼ਾ ਅਤੇ ਚੰਦਰ ਮੋਹਨ ਵਿਚਕਾਰ ਤਨਾਤਨੀ ਚੱਲ ਰਹੀ ਸੀ।
ਤਲਾਕ ਮਗਰੋਂ ਆਤਮ ਹੱਤਿਆ ਦੀ ਕੋਸ਼ਿਸ਼
ਫਿਜ਼ਾ ਨੂੰ ਚੰਦਰ ਮੋਹਨ ਵਲੋਂ ਤਲਾਕ ਦਿੱਤੇ ਜਾਣ ਤੋਂ ਪ੍ਰੇਸ਼ਾਨ ਹੋ ਕੇ ਫਿਜ਼ਾ ਨੇ ਨੀਂਦ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਗ਼ੰਭੀਰ ਹਾਲਤ ਵਿਚ ਚੰਡੀਗੜ੍ਹ ਦੇ ਜੀ.ਐੱਮ.ਸੀ.ਐੱਚ. ਸੈਕਟਰ-32 ਵਿਖੇ ਦਾਖਲ ਕਰਵਾਇਆ ਗਿਆ ਸੀ, ਜਿਥੇ ਕੁਝ ਦਿਨ ਦਾਖਲ ਰਹਿਣ ਮਗਰੋਂ ਉਸ ਨੂੰ ਛੁੱਟੀ ਦਿੱਤੀ ਗਈ ਸੀ।
ਵਿਦੇਸ਼ ਤੋਂ ਵਾਪਸ ਆ ਕੇ ਚੰਦਰ ਮੋਹਨ ਫਿਜ਼ਾ ਦੇ ਘਰ ਪੁੱਜੇ
ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਦੇ ਕੁਝ ਦਿਨਾਂ ਮਗਰੋਂ ਜਦੋਂ ਚੰਦਰ ਮੋਹਨ ਵਿਦੇਸ਼ ਤੋਂ ਹਰਿਆਣਾ ਵਾਪਸ ਆਏ ਸਨ ਤਾਂ ਉਹ ਆਪਣੇ ਘਰ ਤੋਂ ਗੱਡੀ ਲੈ ਕੇ ਸਿੱਧੇ ਪੰਚਕੂਲਾ ਤੋਂ ਫਿਜ਼ਾ ਦੇ ਕੋਲ ਪਹੁੰਚ ਗਏ ਸਨ। ਫਿਜ਼ਾ ਨੇ ਆਪਣੇ ਘਰ ਇਕ ਪੱਤਰਕਾਰ ਸੰਮੇਲਨ ਬੁਲਾ ਕੇ ਚੰਦਰ ਮੋਹਨ ਦੇ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਵੀ ਕੀਤਾ ਸੀ। ਉਸੇ ਰਾਤ ਫਿਜ਼ਾ ਅਤੇ ਚੰਦਰ ਮੋਹਨ ਨੇ ਆਪਣੇ ਘਰ ਦੀ ਛੱਤ 'ਤੇ ਕਈ ਰੋਮਾਂਟਿਕ ਫੋਟੋਆਂ ਵੀ ਖਿਚਵਾਈਆਂ ਸਨ।
ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਨ ਦਾ ਦਾਅਵਾ
ਚੰਦਰ ਮੋਹਨ ਉਰਫ ਚਾਂਦ ਮੁਹੰਮਦ ਵਲੋਂ ਜਦੋਂ ਧਰਮ ਪਰਿਵਰਤਨ ਕਰਕੇ ਦੁਬਾਰਾ ਤੋਂ ਹਿੰਦੂ ਬਣਨ ਦਾ ਦਾਅਵਾ ਕੀਤਾ ਗਿਆ ਸੀ, ਉਸ ਮਗਰੋਂ ਫਿਜ਼ਾ ਨੇ ਮੀਡੀਆ ਰਾਹੀਂ ਅਜਿਹੇ ਫੋਟੋਗ੍ਰਾਫ ਪੇਸ਼ ਕੀਤੇ ਸਨ, ਜਿਸ ਵਿਚ ਉਨ੍ਹਾਂ ਨੇ ਇਹ ਦਾਅਵਾ ਕੀਤਾ ਸੀ ਕਿ ਉਸਦਾ ਵਿਆਹ ਚੰਦਰ ਮੋਹਨ ਦੇ ਨਾਲ ਹਿੰਦੂ ਰੀਤੀ-ਰਿਵਾਜਾਂ ਦੇ ਨਾਲ ਹੀ ਹੋਇਆ ਸੀ। ਇਸ ਲਈ ਉਹ ਚਾਹੁਣ ਤਾਂ ਹਿੰਦੂ ਰਹਿਣ ਜਾਂ ਮੁਸਲਮਾਨ ਪਰ ਉਹ ਉਸਦੇ ਪਤੀ ਜ਼ਰੂਰ ਹਨ।
ਫਿਜ਼ਾ ਦੇ ਘਰ ਦੇ ਬਾਹਰ ਗੋਲੀਆਂ ਚੱਲੀਆਂ, ਤਿੰਨ ਜ਼ਖ਼ਮੀ
ਜਦੋਂ ਚੰਦਰ ਮੋਹਨ ਫਿਜ਼ਾ ਦੇ ਘਰ ਆਏ ਸਨ ਤਾਂ ਚੰਦਰ ਮੋਹਨ ਨੂੰ ਲੈਣ ਲਈ ਉਸ ਦੇ ਕਈ ਰਿਸ਼ਤੇਦਾਰ ਫਿਜ਼ਾ ਦੇ ਘਰ ਰਾਤ ਨੂੰ ਆ ਧਮਕੇ ਸਨ, ਜਿਸ ਦੀ ਭਿਣਕ ਪੈਂਦਿਆਂ ਹੀ ਭਾਰੀ ਪੁਲਸ ਫੋਰਸ ਫਿਜ਼ਾ ਦੇ ਘਰ ਦੇ ਬਾਹਰ ਤਾਇਨਾਤ ਕਰ ਦਿੱਤੀ ਗਈ ਸੀ, ਜਿਥੇ ਰਾਤ ਨੂੰ ਗੋਲੀਆਂ ਚੱਲੀਆਂ ਸਨ, ਜਿਸ ਕਾਰਨ ਤਿੰਨ ਵਿਅਕਤੀ ਫੱਟੜ ਵੀ ਹੋ ਗਏ ਸਨ।
ਬਜ਼ੁਰਗ ਗੁਆਂਢੀਆਂ ਨਾਲ ਝਗੜਾ, ਜੇਲ ਗਈ ਫਿਜ਼ਾ
ਹਾਲੇ ਚੰਦਰ ਮੋਹਨ ਨਾਲ ਸਬੰਧਤ ਵਿਵਾਦ ਖਤਮ ਨਹੀਂ ਹੋਇਆ ਸੀ ਕਿ ਫਿਜ਼ਾ ਨੇ ਆਪਣੇ ਗੁਆਂਢੀਆਂ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਹਰਿਆਣਾ ਦੇ ਇਕ ਆਈ.ਏ.ਐੱਸ. ਅਧਿਕਾਰੀ ਦੇ ਪਿਤਾ ਰਾਮ ਕ੍ਰਿਸ਼ਨ ਫੂਲੀਆ ਦੀ ਕੋਠੀ ਫਿਜ਼ਾ ਦੀ ਕੋਠੀ ਦੇ ਪਿੱਛੇ ਸਥਿਤ ਸੀ। ਇਸ ਕੋਠੀ 'ਤੇ ਉਹ ਕੂੜਾ ਅਤੇ ਅੰਡੇ ਸੁੱਟਿਆ ਕਰਦੀ ਸੀ। ਬਜ਼ੁਰਗ ਫੂਲੀਆ ਵਲੋਂ ਫਿਜ਼ਾ ਦੀ ਇਸ ਹਰਕਤ ਨੂੰ ਕੈਮਰੇ ਵਿਚ ਕੈਦ ਕਰਨ ਲਈ ਆਪਣੇ ਘਰ ਦੇ ਚਾਰੇ ਪਾਸੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਅਤੇ ਪੁਖਤਾ ਸਬੂਤ ਪੁਲਸ ਨੂੰ ਦਿੱਤੇ। ਇਨ੍ਹਾਂ ਕੈਮਰਿਆਂ ਦੀ ਮਦਦ ਨਾਲ ਮਿਲੇ ਪੁਖਤਾ ਸਬੂਤਾਂ ਦੇ ਆਧਾਰ 'ਤੇ ਹੀ ਪੁਲਸ ਨੇ ਫਿਜ਼ਾ ਨੂੰ ਸ਼ਾਂਤੀ ਭੰਗ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ ਅਤੇ ਉਸ ਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ ਗਿਆ ਸੀ।
ਮਦਦ ਕਰਨ ਵਾਲੇ ਗੁਆਂਢੀ ਨਾਲ ਕੀਤਾ ਝਗੜਾ
ਜਦੋਂ ਫਿਜ਼ਾ ਨੇ ਨੀਂਦ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਸ ਸਮੇਂ ਉਸ ਨੂੰ ਹਸਪਤਾਲ ਪਹੁੰਚਾਉਣ ਵਾਲੇ ਉਸ ਦੇ ਗੁਆਂਢੀ ਸੰਜੇ ਅਗਰਵਾਲ ਨੂੰ ਵੀ ਉਸਨੇ ਨਹੀਂ ਬਖਸ਼ਿਆ ਸੀ। ਇਸ ਸਾਲ ਦੇ ਸ਼ੁਰੂ ਵਿਚ ਫਿਜ਼ਾ ਤੇ ਉਸ ਦੇ ਸਮਰਥਕਾਂ ਵਲੋਂ ਸੰਜੇ ਦੇ ਘਰ 'ਤੇ ਹਮਲਾ ਕੀਤਾ ਗਿਆ ਸੀ। ਉਸ ਨੂੰ ਤੇ ਉਸ ਦੀ ਪਤਨੀ ਨੂੰ ਵੀ ਜ਼ਖ਼ਮੀ ਕਰਕੇ ਘਰ ਵਿਚ ਤੋੜ-ਫੋੜ ਕੀਤੀ ਗਈ ਸੀ, ਜਦੋਂਕਿ ਫਿਜ਼ਾ ਦਾ ਦੋਸ਼ ਸੀ ਕਿ ਹਮਲਾ ਉਸ ਨੇ ਨਹੀਂ ਬਲਕਿ ਸੰਜੇ ਨੇ ਉਸ ਦੇ ਘਰ 'ਤੇ ਕੀਤਾ ਸੀ ਜਿਸ ਕਾਰਨ ਉਹ ਜ਼ਖ਼ਮੀ ਹੋ ਗਈ ਅਤੇ ਪੀ.ਜੀ.ਆਈ. ਵਿਚ ਕਈ ਦਿਨਾਂ ਤੱਕ ਜ਼ਖ਼ਮੀ ਰਹੀ।
ਪਾਰਕ ਵਿਚ ਖੇਡਦੇ ਬੱਚਿਆਂ 'ਤੇ ਤਾਣੀ ਸੀ ਪਿਸਤੌਲ
ਮੌਤ ਤੋਂ ਪਹਿਲਾਂ ਫਿਜ਼ਾ ਦਾ ਆਖਰੀ ਵਿਵਾਦ ਬੱਚਿਆਂ ਦੇ ਨਾਲ ਹੋਇਆ ਸੀ। ਬੱਚੇ ਪਾਰਕ ਵਿਚ ਖੇਡ ਰਹੇ ਸਨ ਅਤੇ ਰੌਲਾ ਵੀ ਪਾ ਰਹੇ ਸਨ। ਇਸ ਤੋਂ ਪ੍ਰੇਸ਼ਾਨ ਹੋ ਕੇ ਫਿਜ਼ਾ ਨੇ ਕਈ ਵਾਰ ਬੱਚਿਆਂ ਨੂੰ ਉਥੇ ਖੇਡਣ ਤੋਂ ਰੋਕਿਆ ਸੀ। ਬੱਚਿਆਂ ਨੇ ਉਸ ਦੇ ਪਿੱਛੇ ਉਸਦੇ ਮਕਾਨ 'ਤੇ ਜਵਾਬੀ ਪੱਥਰ ਵੀ ਮਾਰੇ ਸਨ, ਜਿਸ ਦੇ ਚਲਦਿਆਂ ਫਿਜ਼ਾ ਬੱਚਿਆਂ ਨੂੰ ਭਜਾਉਣ ਦੇ ਲਈ ਪਿਸਤੌਲ ਲੈ ਕੇ ਉਨ੍ਹਾਂ ਦੇ ਪਿੱਛੇ ਭੱਜੀ ਸੀ। ਜਦੋਂ ਉਸਦੇ ਬਾਰੇ ਬੱਚਿਆਂ ਦੇ ਮਾਪਿਆਂ ਨੂੰ ਪਤਾ ਲੱਗਾ ਸੀ ਤਾਂ ਉਨ੍ਹਾਂ ਨੇ ਉਸ ਦਾ ਵਿਰੋਧ ਕਰਦਿਆਂ ਉਸ ਦੇ ਘਰ ਦੇ ਬਾਹਰ ਧਰਨਾ ਵੀ ਦਿੱਤਾ ਸੀ। ਜਿਸ ਕਾਰਨ ਪੁਲਸ ਵਲੋਂ ਫਿਜ਼ਾ ਨੂੰ ਦੋ ਦਿਨ ਦੀ ਮੁਸ਼ੱਕਤ ਮਗਰੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਮੋਹਾਲੀ ਅਦਾਲਤ ਨੇ ਪਟਿਆਲਾ ਜੇਲ ਭੇਜ ਦਿੱਤਾ ਸੀ। ਇਸ ਕੇਸ ਵਿਚ ਉਸ ਨੂੰ ਤਿੰਨ ਦਿਨ ਮਗਰੋਂ ਹੀ ਜ਼ਮਾਨਤ ਮਿਲ ਗਈ ਸੀ।