ਲੁਧਿਆਣਾ, (ਤਰੁਣ)-²ਫੇਸਬੁੱਕ 'ਤੇ ਵਧੀ ਜਾਣ-ਪਛਾਣ ਵਿਚ ਇਕ ਲੜਕੀ ਨੂੰ ਲੱਖਾਂ ਦੀ ਕੀਮਤ ਚੁਕਾਉਣੀ ਪਈ। ਲੁਧਿਆਣਾ ਦੇ ਇਕ ਨੌਜਵਾਨ ਨੇ ਉਕਤ ਲੜਕੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦਾ ਚੂਨਾ ਲਗਾ ਦਿੱਤਾ। ਠੱਗਿਆ ਮਹਿਸੂਸ ਹੋਣ 'ਤੇ ਉਕਤ ਲੜਕੀ ਲੁਧਿਆਣਾ ਪਹੁੰਚੀ ਅਤੇ ਥਾਣਾ ਦੁੱਗਰੀ 'ਚ ਅਮਨਦੀਪ ਨਗਰ ਦੇ ਖਿਲਾਫ ਸ਼ਿਕਾਇਤ ਦਿੱਤੀ, ਜਿਸਦੇ ਬਾਅਦ ਪੁਲਸ ਨੇ ਦੋਸ਼ੀ ਦੇ ਖਿਲਾਫ ਧਾਰਾ 420 ਦੇ ਤਹਿਤ ਮਾਮਲਾ ਦਰਜ ਕਰ ਲਿਆ । ਸ਼ਿਕਾਇਤਕਰਤਾ ਡਿੰਪਲ ਅਨੁਸਾਰ ਉਸਦੀ ਪਛਾਣ ਅਮਨਦੀਪ ਨਾਲ ਇੰਟਰਨੈੱਟ ਦੇ ਮਾਧਿਅਮ ਨਾਲ ਫੇਸਬੁੱਕ 'ਤੇ ਹੋਈ ਸੀ। ਇਸ ਦੌਰਾਨ ਕਾਫੀ ਸਮੇਂ ਤਕ ਦੋਵਾਂ ਦਾ ਇੰਟਰਨੈੱਟ ਦੇ ਮਾਧਿਅਮ ਨਾਲ ਸੰਪਰਕ ਰਿਹਾ। ਦੋਸ਼ੀ ਨੌਜਵਾਨ ਨੇ ਡਿੰਪਲ ਨੂੰ ਦੱਸਿਆ ਕਿ ਉਹ ਯੂ. ਕੇ. ਹਾਈ ਕਮਿਸ਼ਨ ਵੀਜ਼ਾ ਅਫਸਰ ਦੇ ਅਹੁਦੇ 'ਤੇ ਤਾਇਨਾਤ ਹੈ, ਜੋ ਕਿ ਆਸਾਨੀ ਨਾਲ ਉਸ ਨੂੰ ਵਿਦੇਸ਼ ਭੇਜ ਸਕਦਾ ਹੈ। ਇੰਟਰਨੈੱਟ 'ਤੇ ਕਾਫੀ ਸਮੇਂ ਤੋਂ ਪਛਾਣ ਹੋਣ ਕਾਰਨ ਉਹ ਅਮਨਦੀਪ 'ਤੇ ਵਿਸ਼ਵਾਸ ਕਰਨ ਲੱਗੀ ਸੀ। ਉਸਨੇ ਵਿਦੇਸ਼ ਜਾਣ ਦੀ ਇੱਛਾ ਜ਼ਾਹਿਰ ਕੀਤੀ ਅਤੇ ਸੌਦਾ 10 ਲੱਖ ਰੁਪਏ ਵਿਚ ਤੈਅ ਹੋਇਆ। ਉਸ ਨੇ 7 ਲੱਖ 86 ਹਜ਼ਾਰ ਰੁਪਏ ਬੈਂਕ ਰਾਹੀਂ ਅਤੇ ਕੁਝ ਰੁਪਏ ਨਕਦ ਅਮਨਦੀਪ ਨੂੰ ਦਿੱਤੇ। ਜਦ ਉਸ ਨੂੰ ਦੋਸ਼ੀ ਬਾਰੇ ਸਾਰੀ ਅਸਲੀਅਤ ਦਾ ਪਤਾ ਚੱਲਿਆ ਤਾਂ ਉਸਨੇ ਦਿੱਤੀ ਗਈ ਰਕਮ ਦੀ ਮੰਗ ਕੀਤੀ ਪਰੰਤੂ ਦੋਸ਼ੀ ਰੁਪਏ ਵਾਪਸ ਕਰਨ ਤੋਂ ਨਾਂਹ ਕਰਨ ਲੱਗਾ। ਥਾਣਾ ਮੁਖੀ ਨੇ ਦੱਸਿਆ ਕਿ ਦੋਸ਼ੀ ਨੌਜਵਾਨ ਮੂਲ ਰੂਪ ਵਿਚ ਬਟਾਲਾ, ਜ਼ਿਲਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਉਹ ਇਥੇ ਇਕ ਫਿਲਟਰ ਬਣਾਉਣ ਵਾਲੀ ਕੰਪਨੀ ਵਿਚ ਨੌਕਰੀ ਕਰਦਾ ਹੈ, ਜੋ ਕਿ ਅਰਬਨ ਅਸਟੇਟ ਸਥਿਤ ਇਕ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ। ਦੋਵਾਂ ਦੀ ਪਛਾਣ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਦੋਸ਼ੀ ਨੌਜਵਾਨ ਨੇ ਲੜਕੀ ਨਾਲ ਧੋਖਾਦੇਹੀ ਕਰਕੇ ਲੱਖਾਂ ਦੀ ਨਕਦੀ ਹੜੱਪ ਕੀਤੀ ਹੈ, ਜਿਸ ਬਾਰੇ ਜਾਂਚ-ਪੜਤਾਲ ਜਾਰੀ ਹੈ।