ਮੋਗਾ, (ਅਕਾਲੀਆਂ ਵਾਲਾ)-ਬੀਤੇ ਦਿਨੀਂ ਅਮਰੀਕਾ 'ਚ ਹੋਏ ਗੋਲੀ ਕਾਂਡ ਦੌਰਾਨ ਮਾਰੇ ਗਏ ਸਿੱਖਾਂ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦ ਪੁਰਾਣਾ ਵਿਖੇ ਸਹਿਜ ਪਾਠ ਆਰੰਭ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਇਥੋਂ ਦੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਨੇ ਕਿਹਾ ਕਿ ਅਮਰੀਕਾ ਦੇ ਵਿਸਕਾਨਸਿਨ ਸਥਿਤ ਗੁਰਦੁਆਰਾ ਸਾਹਿਬ 'ਚ ਬੀਤੇ ਦਿਨੀਂ ਹੋਈ ਗੋਲੀਬਾਰੀ ਦੀ ਅਤਿ ਨਿੰਦਣਯੋਗ ਮੰਦਭਾਗੀ ਹਿੰਸਕ ਘਟਨਾ ਨਾਲ ਮਾਰੇ ਗਏ ਸਿੱਖਾਂ ਦੀ ਮੌਤ ਨਾਲ ਪੂਰੀ ਦੁਨੀਆ ਵਿਚ ਵੱਸਦੇ ਪੰਜਾਬੀਆਂ ਦੇ ਹਿਰਦੇ ਕੰਬ ਉੱਠੇ ਹਨ। ਇਸ ਘਟਨਾ ਤੋਂ ਬਾਅਦ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਦੀ ਸੁਰੱਖਿਆ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਬਾਬਾ ਗੁਰਦੀਪ ਸਿੰਘ ਨੇ ਅੱਗੇ ਕਿਹਾ ਕਿ ਸਮੁੱਚੀਆਂ ਸਿੱਖ ਸ਼ਖ਼ਸੀਅਤਾਂ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਪਾਠ ਜਾਪ ਕਰਨ ਅਤੇ ਸਹਿਜ ਪਾਠ ਆਰੰਭ ਕਰਨ ਕਿਉਂਕਿ ਇਸ ਘਟਨਾ ਨੇ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਧਰਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਤੋਂ ਇਹ ਮੰਗ ਕਰਦੇ ਰਹੇ ਹਾਂ ਕਿ ਵਿਦੇਸ਼ਾਂ ਵਿਚ ਵੱਸਦੇ ਸਿੱਖ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਜੋ ਝੰਡੇ ਨੀਵੇਂ ਕਰਕੇ ਇਸ ਘਟਨਾ ਨੂੰ ਲੈ ਕੇ ਰੋਸ ਜਤਾਇਆ ਗਿਆ ਹੈ, ਉਸ ਤੋਂ ਇਹ ਵੀ ਜ਼ਾਹਿਰ ਹੁੰਦਾ ਹੈ ਕਿ ਅਮਰੀਕਾ ਨਿਵਾਸੀਆਂ ਨੂੰ ਵੀ ਇਸ ਘਟਨਾ ਨੇ ਪੂਰੀ ਤਰ੍ਹਾਂ ਸੱਟ ਮਾਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਦੇਸ਼ ਵਾਸੀਆਂ ਦਾ ਫਰਜ਼ ਬਣਦਾ ਸੀ ਕਿ ਇਸ ਸ਼ੋਕ ਨੂੰ ਜਨਤਕ ਵਪਾਰਕ ਅਤੇ ਸਰਕਾਰੀ ਅਦਾਰੇ ਬੰਦ ਕਰਕੇ ਰੋਸ ਪ੍ਰਗਟਾਉਂਦੇ। ਇਸ ਮੌਕੇ ਉਨ੍ਹਾਂ ਨਾਲ ਤਰਲੋਕ ਸਿੰਘ ਸਿੰਘਾਂ ਵਾਲਾ, ਪ੍ਰਧਾਨ ਜ਼ੋਰਾ ਸਿੰਘ, ਅਜਮੇਰ ਸਿੰਘ, ਬਚਿੱਤਰ ਸਿੰਘ, ਨਛੱਤਰ ਸਿੰਘ ਹੈੱਡ ਗ੍ਰੰਥੀ, ਸੂਬਾ ਸਿੰਘ ਭਲੂਰ ਆਦਿ ਹਾਜ਼ਰ ਸਨ।