ਜਲੰਧਰ, (ਧਵਨ)¸ਕੇਬਲ ਦੇ ਵਧੇ ਰੇਟਾਂ ਨਾਲ ਜਿਥੇ ਪੰਜਾਬ ਦੀ ਆਮ ਜਨਤਾ ਦੁਖੀ ਹੈ ਪਰ ਹੁਣ ਉਨ੍ਹਾਂ ਲਈ ਰਾਹਤ ਦੀ ਖਬਰ ਆਈ ਹੈ। ਕੇਂਦਰ ਸਰਕਾਰ ਨੇ ਸਾਈਂ ਕੇਬਲ ਇੰਟਰਟੇਨਮੈਂਟ ਨੈੱਟਵਰਕ ਨੂੰ ਜਲੰਧਰ ਵਿਚ ਕੇਬਲ ਪ੍ਰਸਾਰਣ ਲਈ ਲਾਇਸੈਂਸ ਪ੍ਰਦਾਨ ਕਰ ਦਿੱਤਾ ਹੈ। ਸਾਈਂ ਕੇਬਲ ਇੰਟਰਟੇਨਮੈਂਟ ਨੈੱਟਵਰਕ ਨਾਲ ਜੁੜੇ ਰਣਜੀਤ ਸਿੰਘ ਮੰਗਾ, ਰਾਜ ਕੁਮਾਰ ਬਿੱਲਾ, ਅਜੀਤ ਪਾਲ ਬੱਬਲੂ ਤੇ ਜਸਵੰਤ ਸਿੰਘ ਨੇ ਅੱਜ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਲੋਕਾਂ ਨੂੰ 100 ਰੁਪਏ ਮਹੀਨੇ ਕਿਰਾਏ 'ਤੇ ਕੇਬਲ ਕੁਨੈਕਸ਼ਨ ਮੁਹੱਈਆ ਕਰਵਾਉਣਗੇ। ਲੋਕਾਂ ਨੂੰ 100 ਰੁਪਏ ਵਿਚ 100 ਚੈਨਲ ਦੇਖਣ ਨੂੰ ਮਿਲਣਗੇ। ਉਨ੍ਹਾਂ ਦੱਸਿਆ ਕਿ ਲਾਡੋਵਾਲੀ ਰੋਡ ਨੇੜੇ ਸ਼ਾਸਤਰੀ ਮਾਰਕੀਟ ਚੌਕ ਵਿਚ ਨੈੱਟਵਰਕ ਨੇ ਆਪਣਾ ਦਫਤਰ ਖੋਲ੍ਹ ਦਿੱਤਾ ਹੈ। ਤਾਰਾਂ ਪਾਈਆਂ ਜਾ ਰਹੀਆਂ ਹਨ ਤੇ ਲੋਕਾਂ ਨੂੰ ਹੁਣ ਸਸਤਾ ਕੇਬਲ ਉਪਲਬਧ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਮੇਂ ਹੋਰ ਕੇਬਲ ਕੰਪਨੀਆਂ ਉਪਭੋਗਤਾਵਾਂ ਤੋਂ ਪ੍ਰਤੀ ਟੀ. ਵੀ. 230 ਰੁਪਏ ਹਿਸਾਬ ਨਾਲ ਕਿਰਾਇਆ ਵਸੂਲ ਰਹੀਆਂ ਹਨ। ਵਾਧੂ ਟੀ. ਵੀ. ਚਲਾਉਣ ਲਈ ਉਪਭੋਗਤਾਵਾਂ ਨੂੰ 130 ਰੁਪਏ ਹੋਰ ਦੇਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਪਨੀਆਂ ਵਲੋਂ ਸੈੱਟਅੱਪ ਬਾਕਸ ਲਗਾਉਣ ਲਈ ਉਪਭੋਗਤਾਵਾਂ ਤੋਂ 700 ਰੁਪਏ ਵੱਧ ਵਸੂਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਈਂ ਕੇਬਲ ਵਲੋਂ ਲੋਕਾਂ ਨੂੰ ਫਿਲਮਾਂ, ਨਿਊਜ਼ ਚੈਨਲਾਂ ਤੇ ਮਿਊਜ਼ਿਕ ਚੈਨਲਾਂ ਦੇ ਇਲਾਵਾ ਮਨੋਰੰਜਨ ਦੇ ਹੋਰ ਚੈਨਲ ਦਿਖਾਏ ਜਾਣਗੇ। ਉਨ੍ਹਾਂ ਕਿਹਾ ਕਿ ਪੂਰੇ ਮਹਾਨਗਰ ਵਿਚ ਉਨ੍ਹਾਂ ਨੇ ਕੇਬਲ ਨੈੱਟਵਰਕ ਦਾ ਜਾਲ ਵਿਛਾਉਣ ਦਾ ਫੈਸਲਾ ਕੀਤਾ ਹੈ। ਸਾਈਂ ਕੇਬਲ ਨੂੰ ਲਾਇਸੈਂਸ ਮਿਲ ਜਾਣ ਦੇ ਬਾਅਦ ਹੁਣ ਕੇਬਲ ਖੇਤਰ ਵਿਚ ਮੁਕਾਬਲਾ ਸ਼ੁਰੂ ਹੋ ਜਾਵੇਗਾ।