ਚੰਡੀਗੜ ¸ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਨੇ ਪੰਜਾਬ ਪੁਲਸ ਵਲੋਂ ਕਾਰਬਾਈਨਾਂ ਖਰੀਦਣ ਲਈ ਇਟਲੀ ਦੀ ਇਕ ਫਰਮ ਨਾਲ ਕੀਤੇ ਗਏ 16 ਕਰੋੜ ਰੁਪਏ ਦੇ ਸੌਦੇ ਨੂੰ ਰੱਦ ਕਰ ਦਿੱਤਾ ਹੈ। ਸਾਲ 2011-12 'ਚ ਇਹ ਸੌਦਾ ਕੀਤਾ ਗਿਆ ਸੀ। ਇਸ ਅਧੀਨ ਇਟਲੀ ਦੀ ਬੈਰੇਟਾ ਨਾਮੀ ਕੰਪਨੀ ਕੋਲੋਂ ਲਗਭਗ 400 ਕਾਰਬਾਈਨਾਂ ਖਰੀਦੀਆਂ ਜਾਣੀਆਂ ਸਨ। ਪੁਲਸ ਨੇ ਇਸ ਸੌਦੇ ਲਈ 4 ਕਰੋੜ ਦੀ ਰਕਮ ਆਧੁਨਿਕੀਕਰਨ ਦੀ ਯੋਜਨਾ ਲਈ ਤੈਅ ਕੀਤੀ ਸੀ ਪਰ ਇਹ ਵਧ ਕੇ 16 ਕਰੋੜ ਤਕ ਪਹੁੰਚ ਗਈ। ਇਸ ਕਾਰਨ ਪੁਲਸ ਦੇ ਦੂਜੇ ਵਿਭਾਗਾਂ ਦੇ ਫੰਡ ਕਾਰਬਾਈਨਾਂ ਦੀ ਖਰੀਦ ਲਈ ਡਾਈਵਰਟ ਕਰਨ ਦਾ ਫੈਸਲਾ ਕੀਤਾ ਗਿਆ। ਇਕ ਸਮੇਂ ਵਿਚ ਤਾਂ ਪੰਜਾਬ ਪੁਲਸ ਦੀ ਹਾਊਸਿੰਗ ਕਾਰਪੋਰੇਸ਼ਨ ਜਿਸ ਦਾ ਮੁਖ ਕੰਮ ਪੁਲਸ ਵਿਭਾਗ ਦੀਆਂ ਇਮਾਰਤਾਂ ਬਣਾਉਣਾ ਹੈ, ਨੂੰ ਇਸ ਸੌਦੇ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਪਰ ਪੰਜਾਬ ਪੁਲਸ ਦੇ ਕੁਝ ਚੋਟੀ ਦੇ ਅਧਿਕਾਰੀਆਂ ਵਲੋਂ ਇਤਰਾਜ਼ ਪ੍ਰਗਟਾਏ ਜਾਣ ਪਿੱਛੋਂ ਹਾਊਸਿੰਗ ਕਾਰਪੋਰੇਸ਼ਨ ਕੋਲੋਂ ਇਸ ਨੂੰ ਵਾਪਸ ਲੈ ਲਿਆ ਗਿਆ। ਕੁਝ ਚੋਟੀ ਦੇ ਅਧਿਕਾਰੀਆਂ ਨੇ ਸਵਾਲ ਕੀਤਾ ਕਿ ਇਟਲੀ ਦੀ ਇਸ ਫਰਮ ਕੋਲੋਂ ਕਾਰਬਾਈਨਾਂ ਖਰੀਦਣ ਦਾ ਕੀ ਮਤਲਬ? ਸੂਤਰਾਂ ਦੀ ਮੰਨੀਏ ਤਾਂ ਡੀ. ਜੀ. ਪੀ. ਸੈਣੀ ਨੇ ਸਵਾਲ ਕੀਤਾ ਕਿ ਜਦ ਪੰਜਾਬ ਪੁਲਸ ਕੋਲ ਪਹਿਲਾਂ ਹੀ 45 ਹਜ਼ਾਰ ਤੋਂ ਵਧ ਹਥਿਆਰ ਹਨ ਅਤੇ ਉਨ੍ਹਾਂ ਵਿਚੋਂ ਵੀ ਕਈ ਸਟੋਰ ਵਿਚ ਬਿਨਾਂ ਵਰਤੋਂ ਕੀਤੇ ਪਏ ਹਨ ਤਾਂ ਫਿਰ 4 ਹਜ਼ਾਰ ਕਾਰਬਾਈਨਾਂ ਨੂੰ ਖਰੀਦਣ ਦੀ ਕੀ ਲੋੜ ਸੀ। ਜਦੋਂ ਕਾਰਬਾਈਨਾਂ ਖਰੀਦਣ ਦਾ ਸੌਦਾ ਫਾਈਨਲ ਹੋਣ ਵਾਲਾ ਸੀ ਤਾਂ ਉਸ ਸਮੇਂ ਅਕਾਲੀ-ਭਾਜਪਾ ਸਰਕਾਰ ਦੇ ਮੁੜ ਤੋਂ ਸੱਤਾ ਵਿਚ ਆਉਂਦਿਆਂ ਹੀ ਸੁਮੇਧ ਸਿੰਘ ਸੈਣੀ ਨੇ ਪੁਲਸ ਮੁਖੀ ਵਜੋਂ ਅਹੁਦਾ ਸੰਭਾਲਿਆ। ਇਸ ਪਿੱਛੋਂ ਸੈਣੀ ਨੇ ਇਸ ਨੂੰ ਅਪ੍ਰਵਾਨ ਕਰਦਿਆਂ 16 ਕਰੋੜ ਦਾ ਸੌਦਾ ਰੱਦ ਕਰ ਦਿੱਤਾ। ਸੂਤਰਾਂ ਮੁਤਾਬਕ ਇਕ ਸਮੇਂ ਸੁਮੇਧ ਸਿੰਘ ਸੈਣੀ ਇਸ ਸੌਦੇ ਨੂੰ ਵਿਜੀਲੈਂਸ ਬਿਊਰੋ ਤੋਂ ਚੈੱਕ ਕਰਵਾਉਣਾ ਚਾਹੁੰਦੇ ਸਨ ਪਰ ਬਾਅਦ ਵਿਚ ਉਨ੍ਹਾਂ ਆਪਣਾ ਮਨ ਬਦਲ ਲਿਆ। ਡੈਪੂਟੇਸ਼ਨ ਤੋਂ ਬੀ. ਐੱਸ. ਐੱਫ. ਵਿਚ ਪਰਤ ਚੁੱਕੇ ਚੋਟੀ ਦੇ ਅਧਿਕਾਰੀ ਦੀ ਅਗਵਾਈ ਵਿਚ ਕੀਤੇ ਗਏ ਜਿਸ ਸੌਦੇ ਨੂੰ ਸਾਬਕਾ ਪੁਲਸ ਮੁਖੀ ਨੇ ਪ੍ਰਵਾਨਗੀ ਦਿੱਤੀ ਸੀ, ਬਾਅਦ ਵਿਚ ਉਹ ਦੋ ਪੜਾਵਾਂ ਵਿਚ ਰੱਦ ਕਰ ਦਿੱਤੀ ਗਈ।
ਪਹਿਲੇ ਪੜਾਅ ਵਿਚ 2000 ਕਾਰਬਾਈਨਾਂ ਤਕ ਇਸ ਆਰਡਰ ਨੂੰ ਸੀਮਤ ਕਰ ਦਿੱਤਾ ਗਿਆ ਸੀ ਅਤੇ ਬਾਅਦ ਵਿਚ ਦਿੱਲੀ ਵਾਸੀ ਵਿਚੋਲਿਆਂ ਨੂੰ ਕੁਝ ਦਿਨ ਪਹਿਲਾਂ ਇਸ ਨੂੰ ਬਿਲਕੁਲ ਰੱਦ ਕਰਨ ਲਈ ਕਹਿ ਦਿੱਤਾ ਗਿਆ।