ਬੀਬੀ ਜਗੀਰ ਕੌਰ ਅਤੇ ਜਥੇਦਾਰ ਤੋਤਾ ਸਿੰਘ ਨੂੰ ਪਹਿਲੀ ਤਨਖਾਹ ਵੀ ਨਸੀਬ ਨਹੀਂ ਹੋਈ ਹੈ। ਜਾਣਕਾਰੀ ਮੁਤਾਬਕ ਪੰਜਾਬ ਵਿਧਾਨ ਸਭਾ ਸਕੱਤਰੇਤ ਨੇ ਅਪ੍ਰੈਲ ਮਹੀਨੇ ਤੋਂ ਬੀਬੀ ਜਗੀਰ ਕੌਰ ਅਤੇ ਜਥੇਦਾਰ ਤੋਤਾ ਸਿੰਘ ਦੀ ਤਨਖਾਹ ਰੋਕ ਲਈ ਹੈ। ਵਿਧਾਇਕਾ ਬੀਬੀ ਜਗੀਰ ਕੌਰ ਨੂੰ ਸੀ. ਬੀ. ਆਈ. ਅਦਾਲਤ ਨੇ ਉਨ੍ਹਾਂ ਦੀ ਆਪਣੀ ਧੀ ਹਰਪ੍ਰੀਤ ਕੌਰ ਦੇ ਮਾਮਲੇ ਵਿਚ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਉਸ ਮਗਰੋਂ ਹੀ ਬੀਬੀ ਜਗੀਰ ਕੌਰ ਨੂੰ ਮਾਡਰਨ ਜੇਲ ਜਲੰਧਰ ਭੇਜ ਦਿੱਤਾ ਗਿਆ ਸੀ। ਵਿਧਾਨ ਸਭਾ ਸਕੱਤਰੇਤ ਮੁਤਾਬਕ ਬੀਬੀ ਜਗੀਰ ਕੌਰ ਨੂੰ ਵਿਧਾਇਕਾ ਵਜੋਂ ਤਨਖਾਹ ਦੀ ਅਦਾਇਗੀ ਕਾਨੂੰਨੀ ਪੇਚੀਦਗੀ ਕਾਰਣ ਅਜੇ ਤੱਕ ਨਹੀਂ ਕੀਤੀ ਗਈ ਹੈ। ਇਹ ਵੀ ਦੱਸਿਆ ਗਿਆ ਹੈ ਕਿ ਤਨਖਾਹ ਦੇ ਸੰਬੰਧ ਵਿਚ ਐਡਵੋਕੇਟ ਜਨਰਲ ਤੋਂ ਵੀ ਸਲਾਹ ਮੰਗੀ ਗਈ ਹੈ।
ਪੰਜਾਬ ਵਿਧਾਨ ਸਭਾ ਨੇ ਇਸੇ ਤਰ੍ਹਾਂ ਮਈ ਮਹੀਨੇ ਤੋਂ ਜਥੇਦਾਰ ਤੋਤਾ ਸਿੰਘ ਦੀ ਤਨਖਾਹ ਵੀ ਰੋਕੀ ਹੋਈ ਹੈ। ਉਸ ਤੋਂ ਪਹਿਲਾਂ ਵਿਧਾਇਕ ਤੋਤਾ ਸਿੰਘ ਨੇ ਤਨਖਾਹ ਲਈ ਕਲੇਮ ਫਾਰਮ ਹੀ ਨਹੀਂ ਭਰਿਆ ਸੀ। ਮੋਹਾਲੀ ਦੀ ਅਦਾਲਤ ਵੱਲੋਂ ਜਥੇਦਾਰ ਤੋਤਾ ਸਿੰਘ ਨੂੰ 5 ਮਈ 2012 ਨੂੰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਇਲਜ਼ਾਮਾਂ ਤਹਿਤ 30 ਹਜ਼ਾਰ ਰੁਪਏ ਜ਼ੁਰਮਾਨਾ ਅਤੇ ਇਕ ਸਾਲ ਦੀ ਸਜ਼ਾ ਸੁਣਾਈ ਗਈ ਸੀ। ਮਾਮਲਾ ਅਦਾਲਤ ਵਿਚ ਹੋਣ ਕਰਕੇ ਵਿਧਾਇਕ ਤੋਤਾ ਸਿੰਘ ਦੀ ਤਨਖਾਹ ਰੋਕੀ ਗਈ ਹੈ।
ਜਦੋਂ ਕਿ ਵਿਧਾਇਕ ਰਾਜ ਕੁਮਾਰ ਵੇਰਕਾ ਬਿਨ੍ਹਾਂ ਤਨਖਾਹ ਤੋਂ ਹੀ ਕੰਮ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੂੰ ਅਪ੍ਰੈਲ 2012 ਤੋਂ 30 ਜੂਨ 2012 ਤੱਕ ਤਨਖਾਹ ਦੀ ਅਦਾਇਗੀ ਨਹੀਂ ਕੀਤੀ ਗਈ, ਕਿਉਂਕਿ ਉਨ੍ਹਾਂ ਦੀ ਅਦਾਇਗੀ ਹਿੱਤ ਅਥਾਰਟੀ ਮਹਾਲੇਖਾਕਾਰ ਪੰਜਾਬ (ਲੇਖਾ ਅਤੇ ਹੱਕਦਾਰੀਆਂ) ਤੋਂ ਪ੍ਰਾਪਤ ਨਹੀਂ ਹੋਈ ਹੈ। ਉਂਝ ਕੈਪਟਨ ਅਮਰਿੰਦਰ ਸਿੰਘ ਨੇ ਸਾਲ ਮਾਰਚ 2007 ਤੋਂ ਲੈ ਕੇ 6 ਮਾਰਚ 2012 ਤੱਕ 19,53,634 ਰੁਪਏ ਤਨਖਾਹ ਪ੍ਰਾਪਤ ਕੀਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਵਿਧਾਨ ਸਭਾ ਸਕੱਤਰੇਤ ਵੱਲੋਂ 78 ਵਿਧਾਇਕਾਂ ਨੂੰ ਹਰ ਮਹੀਨੇ ਤਨਖਾਹ ਦਿੱਤੀ ਜਾਂਦੀ ਹੈ, ਜਦੋਂ ਕਿ ਬਾਕੀ ਜਿਹੜੇ ਵਿਧਾਇਕ ਮੰਤਰੀ, ਮੁੱਖ ਪਾਰਲੀਮਾਨੀ ਸਕੱਤਰ ਜਾਂ ਪਾਰਲੀਮਾਨੀ ਸਕੱਤਰ ਬਣ ਜਾਂਦੇ ਹਨ ਉਨ੍ਹਾਂ ਨੂੰ ਤਨਖਾਹ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ।  ਪੰਜਾਬ ਸਰਕਾਰ ਵੱਲੋਂ ਅਕਤੂਬਰ 2011 ਤੋਂ ਵਿਧਾਇਕਾਂ ਦੀਆਂ ਤਨਖ਼ਾਹਾਂ ਵਿਚ ਵਾਧਾ ਕੀਤਾ ਗਿਆ ਸੀ। ਹੁਣ ਹਰ ਵਿਧਾਇਕ ਨੂੰ ਟੀ. ਏ. ਤੇ ਡੀ. ਏ. ਤੋਂ ਇਲਾਵਾ 54 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ।