ਫਿਰੋਜ਼ਪੁਰ, (ਅਸ਼ੋਕ)-ਇਕ ਪਾਸੇ ਤਾਂ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਖਾਲੀ ਪਈਆਂ ਅਸਾਮੀਆਂ ਨੂੰ ਜਲਦੀ ਤੋਂ ਜਲਦੀ ਭਰਨ ਦਾ ਦਾਅਵਾ ਕਰ ਰਹੀ ਹੈ ਤੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਨਵੀਆਂ-ਨਵੀਆਂ ਬਿਲਡਿੰਗਾਂ ਵੀ ਬਣਾ ਰਹੀ ਹੈ ਪਰ ਫਿਰੋਜ਼ਪੁਰ ਸ਼ਹਿਰ ਵਿਚ 1975 ਵਿਚ ਖੋਲ੍ਹਿਆ ਗਿਆ ਇਨਸਰਵਿਸ ਟ੍ਰੇਨਿੰਗ ਕਾਲਜ ਜੋ ਕਿ ਅਧਿਆਪਕਾਂ ਦਾ ਸੈਮੀਨਾਰ ਲਗਾ ਕੇ ਨਵੀਆਂ ਤਕਨੀਕਾਂ ਅਤੇ ਗਿਆਨ ਆਦਿ ਦਿੱਤਾ ਜਾਂਦਾ ਹੈ ਤਾਂ ਜੋ ਇਹ ਅਧਿਆਪਕ ਅੱਗੇ ਵਧ ਕੇ ਬੱਚਿਆਂ ਨੂੰ ਨਵੀਆਂ ਤਕਨੀਕਾਂ ਦੇ ਨਾਲ ਪੜ੍ਹਾ ਸਕਣ ਅਤੇ ਇਸ ਤਰ੍ਹਾਂ ਹਰ ਸਾਲ ਇਸ ਟਰੈਨਿੰਗ ਸੈਂਟਰ ਵਿਚੋਂ 3500 ਟੀਚਰ ਟ੍ਰੇਨਿੰਗ ਲੈ ਕੇ ਜਾਂਦੇ ਹਨ। ਜਦੋਂਕਿ ਇਸ ਸਰਵਿਸ ਟਰੈਨਿੰਗ ਕਾਲਜ ਦੀ ਬਿਲਡਿੰਗ ਦੀ ਹਾਲਤ ਬਹੁਤ ਖਸਤਾ ਹੈ, ਜਿਸ ਕਾਰਨ ਕਿਸੇ ਵੇਲੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਇਸ ਸੈਂਟਰ ਦੇ ਕਈ ਕਮਰਿਆਂ ਦੀਆਂ ਛੱਤਾਂ ਡਿੱਗੀਆਂ ਹੋਈਆਂ ਹਨ, ਬਰਾਂਡਿਆਂ ਆਦਿ ਵਿਚ ਲੈਂਟਰਾਂ ਦੇ ਸਰੀਏ ਵੀ ਦਿਖਾਈ ਦੇ ਰਹੇ ਹਨ। ਕਿਸੇ ਵੇਲੇ ਵੀ ਇਹ ਲੈਂਟਰ ਡਿੱਗ ਸਕਦੇ ਹਨ। ਉਥੋਂ ਦੀ ਸੀਨੀਅਰ ਲੈਕਚਰਾਰ ਕਮ ਆਫਿਸ਼ੇਟਿੰਗ ਪ੍ਰਿੰਸੀਪਲ ਸ਼੍ਰੀਮਤੀ ਵੀਰਬਾਲਾ ਨੇ ਦੱਸਿਆ ਕਿ ਇਹ ਇੰਨਸਰਵਿਸ ਟ੍ਰੇਨਿੰਗ ਸੈਂਟਰ ਟੀਚਰਾਂ ਦੇ ਸੈਮੀਨਾਰ ਲਗਾ ਕੇ ਉਨ੍ਹਾਂ ਨੂੰ ਨਵੀਆਂ-ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦੇਣੀ ਤਾਂ ਜੋ ਫੀਲਡ ਵਿਚ ਜਾ ਕੇ ਬੱਚਿਆਂ ਨੂੰ ਨਵੇਂ ਤਰੀਕਿਆਂ ਨਾਲ ਸਿੱਖਿਆ ਦੇ ਸਕਣ। ਉਨ੍ਹਾਂ ਦੱਸਿਆ ਹਰ ਅਧਿਆਪਕ ਨੂੰ ਇਕ ਸਾਲ ਵਿਚ 12 ਦਿਨ ਦਾ ਅਤੇ 9 ਦਿਨ ਦਾ ਇਹ ਟ੍ਰੇਨਿੰਗ ਕੈਂਪ ਲਗਾਉਣਾ ਪੈਂਦਾ ਹੈ ਪਰ ਹੁਣ ਕਾਲਜ ਦੀ ਬਿਲਡਿੰਗ ਜੋ ਕਿ ਕਰਾਏ 'ਤੇ ਚੱਲ ਰਹੀ ਹੈ। ਉਸਦੇ ਕਮਰਿਆਂ ਦੀਆਂ ਛੱਤਾਂ ਡਿੱਗਣ ਕਰਕੇ ਸਾਨੂੰ ਇਥੇ ਸੈਮੀਨਾਰ ਲਗਾਉਣੇ ਮੁਸ਼ਕਿਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਮਜ਼ਬੂਰੀ ਨਾਲ ਵੱਖ-ਵੱਖ ਸਕੂਲਾਂ ਵਿਚ ਜਾ ਕੇ ਇਹ ਕੈਂਪ ਲਗਾਉਣੇ ਪੈਂਦੇ ਹਨ। ਉਨ੍ਹਾਂ ਆਖਿਆ ਕਿ ਅਸੀਂ ਇਸ ਸਬੰਧ ਵਿਚ ਕਈ ਵਾਰ ਸਰਕਾਰ ਨੂੰ ਲਿਖ ਚੁੱਕੇ ਹਾਂ ਪਰ ਇਸ ਵੱਲ ਸਰਕਾਰ ਵਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਇਹ ਵੀ ਦੱਸਿਆ ਕਿ ਸਾਡੇ ਕੋਲ 23 ਪੋਸਟਾਂ ਲੈਕਚਰਾਰ ਦੀਆਂ ਹਨ, ਜਿਸ ਵਿਚੋਂ ਸਿਰਫ 11 ਹੀ ਕੰਮ ਚਲਾ ਰਹੇ ਹਨ ਅਤੇ ਟ੍ਰੇਨਿੰਗ ਸੈਂਟਰ ਵਿਚ ਨਾ ਕੋਈ ਬਾਹਰ ਦੇ ਅਧਿਆਪਕਾਂ ਦੇ ਲਈ ਹੋਸਟਲ ਹੈ ਅਤੇ ਨਾ ਹੀ ਕੋਈ ਕਨਟੀਨ ਹੈ ਅਤੇ ਨਾ ਹੀ ਪਾਣੀ ਆਦਿ ਦਾ ਕੋਈ ਠੀਕ ਪ੍ਰਬੰਧ ਹੈ। ਉਨ੍ਹਾਂ ਨੇ ਕਿਹਾ ਕਿ ਇਸ ਹੋਸਟਲ ਵੱਲ ਜਾਣ ਵਾਲੇ ਰਸਤੇ ਦਾ ਵੀ ਬੁਰਾ ਹਾਲ ਹੈ। ਉਨ੍ਹਾਂ ਨੇ ਜ਼ਿਲਾ ਫਿਰੋਜ਼ਪੁਰ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਟ੍ਰੇਨਿੰਗ ਸੈਂਟਰ ਨੂੰ ਕਿਸੇ ਚੰਗੀ ਜਗ੍ਹਾਂ 'ਤੇ ਤੁਰੰਤ ਸ਼ਿਫਟ ਕੀਤਾ ਜਾਵੇ ਅਤੇ ਲੋੜੀਂਦਾ ਸਟਾਫ ਵੀ ਭੇਜਿਆ ਜਾਵੇ। ਇਸ ਮੌਕੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਡੀ. ਈ. ਓ. ਦਫਤਰ ਜੋ ਕਿ ਨਵੀਂ ਬਣੀ ਸੈਕਟਰੀਏਟ ਸਰਕਾਰੀ ਇਮਾਰਤ ਵਿਚ ਸ਼ਿਫਟ ਹੋ ਰਿਹਾ ਹੈ। ਇਸ ਨੂੰ ਉਥੇ ਸ਼ਿਫਟ ਕੀਤਾ ਜਾਵੇ ਜਾਂ ਗੌਰਮਿੰਟ ਸਕੂਲ ਆਦਿ ਵਿਚ ਸ਼ਿਫਟ ਕੀਤਾ ਜਾਵੇ, ਜਿਸ ਕਰਕੇ ਟ੍ਰੇਨਿੰਗ ਲੈਣ ਵਾਲੇ ਅਧਿਆਪਕਾਂ ਨੂੰ ਬਿਨਾਂ ਕਿਸੇ ਡਰ ਦੇ ਟ੍ਰੇਨਿੰਗ ਦਿੱਤੇ ਜਾ ਸਕੇ।