ਅਬੋਹਰ,  (ਰਹੇਜਾ)-ਥਾਣਾ ਖੂਈਆਂ ਸਰਵਰ ਦੀ ਪੁਲਸ ਨੇ ਵੱਖ-ਵੱਖ ਥਾਵਾਂ ਤੋਂ 2 ਵਿਕਅਤੀਆਂ ਨੂੰ 3 ਕਿਲੋ ਅਫੀਮ ਸਣੇ ਕਾਬੂ ਕੀਤਾ ਹੈ। ਡੀ. ਐੱਸ. ਪੀ. ਦਫ਼ਤਰ 'ਚ ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦਿਆਂ ਐੱਸ. ਪੀ. ਅਬੋਹਰ ਵਰਿੰਦਰ ਸਿੰਘ ਬਰਾੜ ਅਤੇ ਡੀ. ਐੱਸ. ਪੀ. ਰਾਜਕੁਮਾਰ ਜਿਲਹੋਤਰਾ ਨੇ ਦੱਸਿਆ ਕਿ ਬੀਤੀ ਸ਼ਾਮ ਪਿੰਡ ਜੰਡਵਾਲਾ ਦੇ ਨੇੜੇ ਖੂਈਆਂ ਸਰਵਰ ਥਾਣਾ ਮੁੱਖੀ ਦਰਸ਼ਨ ਸਿੰਘ ਨੇ ਪੁਲਸ ਪਾਰਟੀ ਸਮੇਤ ਲਗਾਏ ਨਾਕੇ ਦੌਰਾਨ ਪੈਦਲ ਆ ਰਹੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ। ਉਕਤ ਵਿਅਕਤੀ ਦੀ ਪਛਾਣ ਬਾਬੂ ਲਾਲ ਪੁੱਤਰ ਦੇਸਰਾਜ ਵਾਸੀ ਢਾਣੀ ਹੀਰਾ ਦੀ ਢਾਣੀ ਥਾਣਾ ਗਿੜਾ ਜ਼ਿਲਾ ਬਾਡਮੇਰ ਰਾਜਸਥਾਨ ਵਜੋਂ ਹੋਈ। ਤਲਾਸ਼ੀ ਲੈਣ 'ਤੇ ਉਸ ਕੋਲੋਂ ਦੋ ਕਿੱਲੋ ਅਫੀਮ ਬਰਾਮਦ ਹੋਈ।
ਇਕ ਹੋਰ ਮਾਮਲੇ 'ਚ ਥਾਣਾ ਖੂਈਆਂ ਸਰਵਰ 'ਚ ਤਾਇਨਾਤ ਏ. ਐੱਸ. ਆਈ. ਬਲਦੇਵ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਕੱਲਰਖੇੜਾ ਦੇ ਨੇੜਿਓਂ ਪੈਦਲ ਆ ਰਹੇ ਦਿਨੇਸ਼ ਕੁਮਾਰ ਪੁੱਤਰ ਭਗਵਾਨ ਦਾਸ ਵਾਸੀ ਪਿੰਡ ਬਨਿਆਣਾ ਤਹਿਸੀਲ ਪੋਖਰਣ ਜ਼ਿਲਾ ਜੈਸਲਮੇਰ ਰਾਜਸਥਾਨ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ। ਤਲਾਸ਼ੀ ਲੈਣ 'ਤੇ ਉਸ ਕੋਲੋਂ  1 ਕਿਲੋ ਅਫੀਮ ਬਰਾਮਦ ਹੋਈ। ਪੁਲਸ ਨੇ ਦੱਸਿਆ ਕਿ ਉਕਤ ਦੋਵੇਂ ਦੋਸ਼ੀ ਜਗਦੀਸ਼ ਕੁਮਾਰ ਦੇ ਕਹਿਣ 'ਤੇ ਹੀ ਅਫੀਮ ਦੀ ਸਪਲਾਈ ਕਰਦੇ ਹਨ। ਪੁਲਸ ਨੇ ਉਕਤ ਦੋਵਾਂ ਵਿਅਕਤੀਆਂ ਅਤੇ ਜਗਦੀਸ਼ ਕੁਮਾਰ 'ਤੇ ਮਾਮਲਾ ਦਰਜ ਕਰ ਲਿਆ ਹੈ।