ਅਬੋਹਰ,  (ਰਹੇਜਾ)-ਨਗਰ ਥਾਣਾ ਨੰਬਰ 1 ਦੀ ਪੁਲਸ ਨੇ ਏ. ਟੀ. ਐੱਮ. ਕਾਰਡ ਵਿਚੋਂ ਲੱਖਾਂ ਰੁਪਏ ਕਢਵਾਉਣ ਦੇ ਦੋਸ਼ ਹੇਠ 1 ਨਬਾਲਗ ਸਣੇ ਦੋ ਨੂੰ ਕਾਬੂ ਕੀਤਾ ਹੈ। ਥਾਣਾ ਨੰਬਰ 1 ਵਿਚ ਤਾਇਨਾਤ ਏ. ਐੱਸ. ਆਈ. ਮਨਜੀਤ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਪੀਰ ਟਿੱਬਾ ਵਾਸੀ ਚੰਦਰ ਰਾਜਨ ਪੁੱਤਰ ਅਸ਼ੋਕ ਕੁਮਾਰ ਨੇ ਸ਼ਿਕਾਇਤ ਪੱਤਰ ਦਿੰਦੇ ਹੋਏ ਇਹ ਦੋਸ਼ ਲਗਾਇਆ ਸੀ ਕਿ ਉਸਦੀ ਕੰਪਨੀ 'ਚ ਕੰਮ ਕਰਨ ਵਾਲੀ ਲੜਕੀ ਨੇ ਦਫ਼ਤਰ 'ਚ ਰੱਖੇ ਬੈਗ ਵਿਚੋਂ ਉਸਦਾ ਏ. ਟੀ. ਐੱਮ. ਕਾਰਡ ਅਤੇ ਡਾਇਰੀ ਚੋਰੀ ਕਰ ਲਈ, ਜਿਸ 'ਤੇ ਉਸਦੇ ਏ. ਟੀ. ਐੱਮ. ਦਾ ਪਾਸਵਰਡ ਲਿਖਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਕਤ ਲੜਕੀ ਨੇ ਉਸਦੇ ਖਾਤੇ ਵਿਚੋਂ 2 ਲੱਖ 32 ਹਜ਼ਾਰ ਰੁਪਏ ਚੋਰੀ ਕਰ ਲਏ ਹਨ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਵੱਖ-ਵੱਖ ਏ. ਟੀ. ਐੱਮ. ਮਸ਼ੀਨਾਂ ਦਾ ਰਿਕਾਰਡ ਚੈੱਕ ਕਰ ਕੇ ਸੀ. ਸੀ. ਟੀ. ਵੀ. ਫੁਟੇਜ਼ ਦੀ ਮਦਦ ਨਾਲ ਕਥਿਤ ਦੋਸ਼ਣ ਦੀ ਪਛਾਣ ਕਰਦੇ ਹੋਏ ਉਨ੍ਹਾਂ ਨੂੰ ਕਾਬੂ ਕਰ ਲਿਆ ਹੈ। ਪੁਲਸ ਨੇ ਗੁਰਪ੍ਰੀਤ ਕੌਰ ਉਰਫ ਪ੍ਰੀਤ ਪੁੱਤਰੀ ਦਰਸ਼ਨ ਸਿੰਘ ਵਾਸੀ ਨਵੀਂ ਆਬਾਦੀ ਗਲੀ ਨੰ. 10 ਅਤੇ ਉਸਦੀ ਰਿਸ਼ਤੇਦਾਰ ਜਸਪ੍ਰੀਤ ਕੌਰ ਦੇ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਕਾਬੂ ਕੀਤੇ ਗਏ ਦੋਸ਼ੀਆਂ ਨੂੰ ਅੱਜ ਰਿਮਾਂਡ 'ਤੇ ਲੈਣ ਦੀ ਮੰਗ ਕੀਤੀ ਜਾਵੇਗੀ।