ਜ਼ਰਦਾਰੀ ਤੇ ਕ੍ਰਿਸ਼ਨਾ ਦੇ ਬਿਆਨ ਨਾਲ ਦਲਬੀਰ ਦਾ ਹੌਸਲਾ ਬੁਲੰਦ
ਅੰਮ੍ਰਿਤਸਰ (ਨੀਰਜ)-ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਤੇ ਪਾਕਿਸਤਾਨ ਦੀ ਵਿਦੇਸ਼ ਮੰਤਰੀ ਹਿਨਾ ਰਬਾਨੀ ਖਾਰ ਵਲੋਂ ਭਾਰਤੀ ਕੈਦੀ ਸਰਬਜੀਤ ਸਿੰਘ ਦੇ ਮੁੱਦੇ 'ਤੇ ਕੀਤੀ ਗਈ ਗੱਲਬਾਤ ਨਾਲ ਦਲਬੀਰ ਕੌਰ ਦੇ ਹੌਸਲੇ ਬੁਲੰਦ ਹਨ। ਦਲਬੀਰ ਕੌਰ ਨੂੰ ਭਰੋਸਾ ਹੈ ਕਿ ਕਰੋੜਾਂ ਭਾਰਤੀਆਂ ਦੀ ਦੁਆ ਸਦਕਾ ਸਰਬਜੀਤ ਇਸ ਸਾਲ ਦੀਵਾਲੀ ਭਾਰਤ ਵਿਚ ਹੀ ਮਨਾਏਗਾ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਵਲੋਂ ਵੀ ਸਰਬਜੀਤ ਸਿੰਘ ਦੇ ਮਾਮਲੇ ਵਿਚ ਹਾਂ-ਪੱਖੀ ਐਲਾਨ ਕਰਨ ਦੇ ਬਿਆਨ ਨੇ ਇਸ ਮਾਮਲੇ ਨੂੰ ਹੋਰ ਜ਼ਿਆਦਾ ਜ਼ੋਰ ਦੇ ਦਿੱਤਾ ਹੈ।
ਦਲਬੀਰ ਕੌਰ ਦਾ ਕਹਿਣਾ ਹੈ ਕਿ ਉਸਦੇ ਭਰਾ ਸਰਬਜੀਤ ਸਿੰਘ ਦੀ ਰਿਹਾਈ ਲਈ ਭਾਰਤ ਦੇ ਹਰ ਨਾਗਰਿਕ ਨੇ ਯੋਗਦਾਨ ਦਿੱਤਾ ਹੈ। ਸੋਨੀਆ ਗਾਂਧੀ ਤੋਂ ਲੈ ਕੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਨੇ ਸਰਬਜੀਤ ਨੂੰ ਰਿਹਾਅ ਕਰਵਾਉਣ ਸਬੰਧੀ ਜੋ ਵਾਅਦਾ ਕੀਤਾ ਸੀ ਉਸਨੂੰ ਪੂਰਾ ਕੀਤਾ ਹੈ ਤੇ ਛੇਤੀ ਹੀ ਸਰਬਜੀਤ ਨੂੰ ਪਾਕਿਸਤਾਨ ਦੀ ਜੇਲ ਤੋਂ ਰਿਹਾਅ ਕੀਤਾ ਜਾਵੇਗਾ।
ਦਲਬੀਰ ਨੇ ਕਿਹਾ ਕਿ ਜੋ ਲੋਕ ਵਿਦੇਸ਼ਾਂ ਵਿਚ ਬੈਠ ਕੇ ਵੀ ਸਰਬਜੀਤ ਸਿੰਘ ਦੀ ਰਿਹਾਈ ਲਈ ਕੋਸ਼ਿਸ਼ ਕਰ ਰਹੇ ਹੈ ਉਹ ਉਨ੍ਹਾਂ ਦੀ ਵੀ ਅਹਿਸਾਨਮੰਦ ਹਨ ਕਿਉਂਕਿ ਵਿਦੇਸ਼ਾਂ ਵਿਚ ਰਹਿਣ ਵਾਲੇ ਮਨੁੱਖੀ ਅਧਿਕਾਰ ਕਾਰਕੁੰਨਾਂ ਨੇ ਵੀ ਸਰਬਜੀਤ ਦੀ ਰਿਹਾਈ ਲਈ ਅੰਤਰਰਾਸ਼ਟਰੀ ਪੱਧਰ 'ਤੇ ਕੋਸ਼ਿਸ਼ ਕੀਤੀ ਹੈ। ਦਲਬੀਰ ਅਨੁਸਾਰ ਦੋਹਾਂ ਦੇਸ਼ਾਂ ਨੂੰ ਉਨ੍ਹਾਂ ਕੈਦੀਆਂ ਦੀ ਰਿਹਾਈ ਤੁਰੰਤ ਕਰ ਦੇਣੀ ਚਾਹੀਦੀ ਹੈ ਜੋ ਆਪਣੀ ਸਜ਼ਾ ਪੂਰੀ ਹੋਣ ਦੇ ਬਾਅਦ ਵੀ ਜੇਲਾਂ ਵਿਚ ਕੈਦ ਹਨ ਤੇ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਤਰ੍ਹਾਂ ਕਿਸੇ ਹੋਰ ਭਰਾ ਦੀ ਭੈਣ ਆਪਣੇ ਭਰਾ ਦੀ ਜੁਦਾਈ ਵਿਚ ਤੜਫੇ।