ਕੁਰਾਲੀ,  (ਬਠਲਾ)-ਪਿੰਡ ਪਡਿਆਲਾ ਵਿਚ ਦੋ ਪਰਿਵਾਰਾਂ ਵਿਚਕਾਰ ਹੋਈ ਲੜਾਈ ਵਿਚ ਅੱਠ ਵਿਅਕਤੀ ਗ਼ੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਹਸਪਤਾਲ ਵਿਚ ਦਾਖਲ ਪਹਿਲੇ ਪੱਖ ਦੇ ਭਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨਾਲ ਪਈ ਸ਼ਾਮਲਾਟ ਜ਼ਮੀਨ ਵਿਚ ਖੜ੍ਹੇ ਪਾਣੀ ਕਾਰਨ ਉਨ੍ਹਾਂ ਦੀ ਦੀਵਾਰ ਨੂੰ ਨੁਕਸਾਨ ਹੋ ਰਿਹਾ ਹੈ, ਜਿਸ ਨੂੰ ਰੋਕਣ ਲਈ ਉਨ੍ਹਾਂ ਨੇ ਦੀਵਾਰ ਦੇ ਨਾਲ ਮਿੱਟੀ ਲਗਾ ਦਿੱਤੀ। ਇਸ ਕਾਰਨ ਹੀ ਪਿੰਡ ਦੇ ਇਕ ਪਰਿਵਾਰ ਨੇ ਪਹਿਲਾਂ ਤਾਂ ਉਨ੍ਹਾਂ ਦੇ ਨਾਲ ਗਾਲੀ ਗਲੋਚ ਕੀਤੀ ਅਤੇ ਫਿਰ 6-7 ਵਿਅਕਤੀਆਂ ਨੇ ਉਨ੍ਹਾਂ ਉਪਰ ਹਮਲਾ ਕਰ ਦਿੱਤਾ ਅਤੇ ਮਾਰਕੁਟਾਈ ਕੀਤੀ, ਜਿਸ ਕਾਰਨ ਜਸਵੀਰ ਸਿੰਘ, ਜਸਵਿੰਦਰ ਸਿੰਘ ਅਤੇ ਗੁਰਜੀਤ ਸਿੰਘ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਰ ਗੁਰਜੀਤ ਸਿੰਘ ਦੀ ਹਾਲਤ ਗ਼ੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਪੀ. ਜੀ. ਆਈ. ਰੈਫਰ ਕਰ ਦਿੱਤਾ। ਇਸੇ ਦੌਰਾਨ ਦੂਜੇ ਪੱਖ ਦੇ ਰੋਹਿਤ ਰਾਣਾ ਨੇ ਕਿਹਾ ਕਿ ਉਹ ਪ੍ਰਦੀਪ ਕੁਮਾਰ ਨਾਲ ਮਿਲ ਕੇ ਪਸ਼ੂਆਂ ਲਈ ਚਾਰਾ ਕੁਤਰ ਰਿਹਾ ਸੀ ਕਿ ਪਹਿਲੇ ਪੱਖ ਦੇ ਇਕ ਵਿਅਕਤੀ ਨੇ ਨਸ਼ੇ ਵਿਚ ਧੁੱਤ ਹੋ ਕੇ ਉਸ ਨਾਲ ਗਾਲੀ ਗਲੋਚ ਕੀਤੀ। ਇਸੇ ਦੌਰਾਨ ਉਨ੍ਹਾਂ ਨੇ ਉਕਤ ਵਿਅਕਤੀ ਨੂੰ ਉਥੋਂ ਭਜਾ ਦਿੱਤਾ ਪਰ ਕੁੱਝ ਸਮੇਂ ਬਾਅਦ ਉਹ ਆਪਣੇ ਨਾਲ ਕਈ ਵਿਅਕਤੀਆਂ ਨੂੰ ਲੈ ਕੇ ਆ ਗਿਆ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੇ ਰੌਲਾ ਪਾ ਦਿੱਤਾ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਸ਼ਕਤੀ ਸਿੰਘ ਅਤੇ ਬਲਬੀਰ ਸਿੰਘ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਹਮਲਾਵਰਾਂ ਨੇ ਉਨ੍ਹਾਂ ਦੋਵਾਂ ਨੂੰ ਵੀ ਜ਼ਖ਼ਮੀ ਕਰ ਦਿੱਤਾ। ਲੋਕਾਂ ਨੇ ਸਾਨੂੰ ਚਾਰਾਂ ਨੂੰ ਸਿਵਲ ਹਸਪਤਾਲ ਵਿਖੇ ਪਹੁੰਚਾਇਆ। ਇਸੇ ਦੌਰਾਨ ਸਥਾਨਕ ਪੁਲਸ ਨੇ ਡਾਕਟਰਾਂ ਵਲੋਂ ਭੇਜੀ ਰਿਪੋਰਟ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।