ਸੈਲਾ ਖੁਰਦ,(ਅਰੋੜਾ)-ਅੱਜ ਦਦਿਆਲ ਰੇਲਵੇ ਕਰਾਸਿੰਗ 'ਤੇ ਸਵੇਰੇ ਕਰੀਬ 10.30 ਵਜੇ ਜੇਜੋਂ ਤੋਂ ਜਲੰਧਰ ਜਾ ਰਹੀ ਰੇਲ-ਗੱਡੀ ਨਾਲ ਟਕਰਾ ਕੇ ਇਕ ਮੋਟਰਸਾਈਕਲ 'ਤੇ ਸਵਾਰ ਪਤੀ-ਪਤਨੀ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਰਜਨ ਸਿੰਘ ਤੇ ਉਸ ਦੀ ਪਤਨੀ ਦਲਵਿੰਦਰ ਕੌਰ (42) ਵਾਸੀ ਪਿੰਡ ਗੁਲਾਬਵਾਲਾ ਨੇੜੇ ਫਿਲੌਰ ਜੋ ਕਿ ਆਪਣੇ ਮੋਟਰਸਾਈਕਲ ਨੰ. ਪੀ ਬੀ 37-ਏ-3457 'ਤੇ ਸਵਾਰ ਹੋ ਕੇ ਜਾ ਰਹੇ ਸਨ, ਜਦੋਂ ਉਹ ਦਦਿਆਲ ਦੇ ਰੇਲਵੇ ਫਾਟਕ ਕੋਲ ਪਹੁੰਚੇ ਤਾਂ ਬਿਨਾਂ ਫਾਟਕ ਤੋਂ ਰੇਲਵੇ ਕਰਾਸਿੰਗ 'ਤੇ ਆ ਰਹੀ ਰੇਲ ਗੱਡੀ ਨਾਲ ਉਨ੍ਹਾਂ ਦਾ ਮੋਟਰਸਾਈਕਲ ਟਕਰਾ ਗਿਆ ਜਿਸ ਦੇ ਸਿੱਟੇ ਵਜੋਂ ਦਲਵਿੰਦਰ ਕੌਰ ਦੇ ਸਰੀਰ ਦੇ ਕਈ ਟੁਕੜੇ ਹੋ ਗਏ ਜਦ ਕਿ ਉਸ ਦਾ ਪਤੀ ਸੁਰਜਨ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਿਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਪ੍ਰੰਤੂ ਉਸ ਦੀ ਵੀ ਉਥੇ ਪਹੁੰਚ ਕੇ ਮੌਤ ਹੋ ਗਈ। ਦੋਵੇਂ ਮ੍ਰਿਤਕ ਪਤੀ-ਪਤਨੀ ਦੀਆਂ ਲਾਸ਼ਾਂ ਰੇਲਵੇ ਪੁਲਸ ਵਲੋਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ।  ਇਥੇ ਜ਼ਿਕਰਯੋਗ ਹੈ ਕਿ ਇਹ ਬਿਨਾਂ ਫਾਟਕ ਵਾਲਾ ਰੇਲਵੇ ਕਰਾਸਿੰਗ ਹੁਣ ਤੱਕ ਕਈ ਕੀਮਤੀ ਜਾਨਾਂ ਨੂੰ ਨਿਗਲ ਚੁੱਕਾ ਹੈ ਤੇ ਕਈ ਲੋਕ ਜ਼ਖ਼ਮੀ ਤੇ ਨਕਾਰਾ ਹੋ ਚੁੱਕੇ ਹਨ।