ਮੰਡੀ ਗੋਬਿੰਦਗੜ੍ਹ,  (ਜ. ਬ.)-ਜੇਕਰ ਸਨਅਤਕਾਰ ਅਤੇ ਵਪਾਰੀ ਸਰਕਾਰ ਨੂੰ ਇਮਾਨਦਾਰੀ ਨਾਲ ਟੈਕਸ ਭਰਨ ਤਾਂ ਨਾ ਤਾਂ ਕੋਈ ਵਿਭਾਗੀ ਅਧਿਕਾਰੀ ਅਤੇ ਨਾ ਹੀ ਹੋਰ ਵਿਅਕਤੀ ਵਪਾਰ ਵਿਚ ਖੜੋਤ ਨਹੀਂ ਪੈਦਾ ਕਰਦੇ। ਜੇਕਰ ਪਾਕਿਸਤਾਨ ਨਾਲ ਹਿੰਦੋਸਤਾਨ ਦੇ ਵਪਾਰਕ ਸੰਬੰਧ ਵਧੀਆ ਬਣਦੇ ਹਨ ਤਾਂ ਇਸਦਾ ਸਭ ਤੋਂ ਵਧੇਰੇ ਫਾਇਦਾ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਨੂੰ ਇਕ ਹੋਰ ਖਪਤਕਾਰ ਮਾਰਕੀਟ ਮਿਲਣ ਦੇ ਰੂਪ ਵਿਚ ਪਹੁੰਚੇਗਾ। ਇਹ ਪ੍ਰਗਟਾਵਾ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਪ੍ਰਧਾਨ ਅਕਾਲੀ ਦਲ ਨੇ ਚੰਦਰ ਲੋਕ ਕਾਲੋਨੀ ਵਿਚ ਸ. ਸੁਖਵਿੰਦਰ ਸਿੰਘ ਭਾਂਬਰੀ ਦੇ ਨਿਵਾਸ 'ਤੇ ਪ੍ਰਗਟ ਕੀਤਾ। ਇਸ ਤੋਂ ਪਹਿਲਾਂ ਸ. ਬਾਦਲ ਨੂੰ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੀ ਦੋਆਬਾ ਸਟੀਲ ਰੋਲਿੰਗ ਮਿਲ ਦੇ ਮੈਨੇਜਿੰਗ ਡਾਇਰੈਕਟਰ ਨਰਿੰਦਰ ਗੋਇਲ ਨੇ ਸਨਅਤੀ ਸ਼ਹਿਰ ਦੀਆਂ ਰੋਲਿੰਗ ਮਿੱਲਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ, ਜਿਸ ਦੌਰਾਨ ਸ਼੍ਰੀ ਗੋਇਲ ਨਾਲ ਸਟੀਲ ਟਾਊਨ ਫਰਨਿਸ ਐਸੋਸੀਏਸ਼ਨ ਦੇ ਪ੍ਰਧਾਨ ਸੁਭਾਸ਼ ਸਿੰਗਲਾ, ਰਾਜਾ ਰਾਮ ਗੋਇਲ, ਸੁਭਾਸ਼ ਸਚਦੇਵਾ, ਸਾਬਕਾ ਨਗਰ ਕੌਂਸਲ ਪ੍ਰਧਾਨ ਸੁਖਵਿੰਦਰ ਸਿੰਘ ਭਾਂਬਰੀ, ਮਾਰਕੀਟ ਕਮੇਟੀ ਅਮਲੋਹ ਦੇ ਚੇਅਰਮੈਨ ਰਣਧੀਰ ਸਿੰਘ ਭਾਂਬਰੀ ਆਦਿ ਹਾਜ਼ਰ ਸਨ। ਸ਼੍ਰੀ ਗੋਇਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲਗਾਏ ਗਏ ਈ-ਟ੍ਰਿਪ ਕਾਰਨ ਲੋਹਾ ਨਗਰੀ ਦੀਆਂ 40 ਫੀਸਦੀ ਸਨਅਤਾਂ ਬੰਦ ਪਈਆਂ ਹਨ, ਜਿਸ ਕਾਰਨ ਹੁਣ ਗੁਆਂਢੀ ਸੂਬਿਆਂ ਤੋਂ ਤਿਆਰ ਮਾਲ ਪੰਜਾਬ ਵਿਚ ਆਉਣਾ ਸ਼ੁਰੂ ਹੋ ਚੁੱਕਾ ਹੈ ਅਤੇ ਜੇਕਰ ਇਹ ਹੀ ਹਾਲ ਰਿਹਾ ਤਾਂ ਆਉਂਦੇ 2-3 ਮਹੀਨੇ ਵਿਚ ਹੀ ਲੋਹਾ ਨਗਰੀ ਦੀਆਂ ਕਰੀਬ 99 ਫਸਦੀ ਇਸਪਾਤ ਫੈਕਟਰੀਆਂ ਦੀ ਤਾਲਾਬੰਦੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਲੋਹਾ ਨਗਰੀ ਸਰਕਾਰੀ ਖਜ਼ਾਨੇ ਵਿਚ ਇਕ ਵੱਡਾ ਹਿੱਸਾ ਟੈਕਸਾਂ ਦੇ ਰੂਪ ਵਿਚ ਪਾਉਂਦੀ ਹੈ ਅਤੇ ਸਨਅਤਾਂ ਦੀ ਤਾਲਾਬੰਦੀ ਕਾਰਨ ਸਰਕਾਰੀ ਖਜ਼ਾਨੇ ਨੂੰ ਵੀ ਢਾਹ ਲੱਗੇਗੀ। ਉਨ੍ਹਾਂ ਕਿਹਾ ਕਿ ਲੋਹਾ ਨਗਰੀ ਦੀਆਂ ਰੋਲਿੰਗ ਮਿੱਲਾਂ ਰੀੜ੍ਹ ਹਨ ਅਤੇ ਇਸਨੂੰ ਖਤਮ ਹੋਣ ਤੋਂ ਬਚਾ ਕੇ ਰੱਖਣਾ ਹਰ ਹਾਲ ਵਿਚ ਜ਼ਰੂਰੀ ਹੈ। ਇਸ ਉਪਰੰਤ ਸ. ਸੁਖਬੀਰ ਸਿੰਘ ਬਾਦਲ ਨੂੰ ਸਨਅਤਕਾਰਾਂ ਵਲੋਂ ਸੁਭਾਸ਼ ਸਿੰਗਲਾ ਨੇ ਇਕ ਮੰਗ ਪੱਤਰ ਵੀ ਦਿੱਤਾ ਤਾਂ ਕਿ ਸਨਅਤੀ ਸਮੱਸਿਆਵਾਂ ਦਾ ਹੱਲ ਗੱਲਬਾਤ ਰਾਹੀਂ ਕੱਢਿਆ ਜਾ ਸਕੇ।