ਬਰੇਟਾ,  (ਸੰਜੀਵ, ਸਿੰਗਲਾ)- ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਵਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਥਾਣਾ ਮੁਖੀ ਚੰਨਣ ਸਿੰਘ ਨੇ ਪੁਲਸ ਪਾਰਟੀ ਸਣੇ ਵੱਖ-ਵੱਖ ਥਾਵਾਂ ਤੋਂ ਲੱਗਭਗ 50 ਕਿਲੋ ਭੁੱਕੀ ਸਣੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਮੁਖੀ ਚੰਨਣ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੀ ਪੁਲਸ ਪਾਰਟੀ ਸਣੇ ਪਿੰਡ ਮੰਡੇਰ ਦੇ ਡਰੇਨ ਦੇ ਪੁਲ ਉਪਰ ਨਾਕਾ ਲਗਾ ਕੇ ਵਾਹਨਾਂ ਦੀ ਤਲਾਸ਼ੀ ਲੈ ਰਹੇ ਸੀ ਕਿ ਇਕ ਅਪੋਲੋ ਕਾਰ ਦੀ ਤਲਾਸ਼ੀ ਲੈਣ 'ਤੇ ਉਸ ਵਿਚੋਂ 30 ਕਿਲੋ ਭੁੱਕੀ ਬਰਾਮਦ ਕਰਕੇ ਇਕ ਦੋਸ਼ੀ ਨੂੰ ਕਾਬੂ ਕੀਤਾ ਗਿਆ।ਉਕਤ ਮੁਲਜ਼ਮ ਦੀ ਪਛਾਣ ਧਰਮਪਾਲ ਸਿੰਘ ਪੁੱਤਰ ਮਿੱਠੂ ਸਿੰਘ ਵਾਰਡ ਨੰ. 7 ਰਤੀਆ ਵਜੋਂ ਹੋਈ ਹੈ। ਇਸੇ ਦੌਰਾਨ ਥਾਣਾ ਮੁਖੀ ਵਲੋਂ ਪਿੰਡ ਧਰਮਪੁਰਾ-ਗੋਬਿੰਦਪੁਰਾ ਸੜਕ ਉਪਰ ਲਗਾਏ ਨਾਕੇ ਦੌਰਾਨ ਦੋ ਵਿਅਕਤੀਆਂ ਕੋਲੋਂ 20 ਕਿਲੋ ਭੁੱਕੀ ਬਰਾਮਦ ਕੀਤੀ ਗਈ। ਪੁਲਸ ਥਾਣਾ ਮੁਖੀ ਨੇ ਦੱਸਿਆ ਕਿ ਫੜੇ ਗਏ ਦੋਵੇਂ ਦੋਸ਼ੀਆਂ ਦੀ ਪਛਾਣ ਸਤਗੁਰ ਸਿੰਘ ਪੁੱਤਰ ਹਰਦੇਵ ਸਿੰਘ ਪਿੰਡ ਹਰਿਆਉ ਤੇ ਸੇਵਕ ਸਿੰਘ ਪੁੱਤਰ ਬੰਤ ਸਿੰਘ ਵਜੋਂ ਹੋਈ ਹੈ। ਪੁਲਸ ਨੇ ਉਕਤ ਤਿੰਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।