ਮੋਹਾਲੀ,  (ਪਰਦੀਪ ਹੈਪੀ)-ਫੇਜ਼-2 ਨਿਵਾਸੀ ਈ.ਟੀ.ਓ. ਰਣਜੀਤ ਸਿੰਘ ਦੀ ਮੌਤ ਨੂੰ ਲੈ ਕੇ ਚਾਹੇ ਉਨ੍ਹਾਂ 'ਤੇ ਟ੍ਰੈਪ ਲਾਉਣ ਵਾਲੀ ਵਿਜੀਲੈਂਸ ਟੀਮ ਦੇ ਐੱਸ.ਪੀ. ਤੇ ਹੋਰਨਾਂ ਲੋਕਾਂ ਦੇ ਖਿਲਾਫ਼ ਕੋਰਟ ਦੇ ਨਿਰਦੇਸ਼ਾਂ 'ਤੇ ਮੋਹਾਲੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ, ਪਰੰਤੂ ਇਸ ਕੇਸ ਵਿਚ ਅੱਗੇ ਦੀ ਕਾਰਵਾਈ ਜਿਸ ਕਦਰ ਧੀਮੀ ਚੱਲ ਰਹੀ ਹੈ, ਉਸ ਤੋਂ ਪੀੜਤ ਪਰਿਵਾਰ ਨੂੰ ਇਹ ਗਿਲਾ ਰਿਹਾ ਹੈ ਕਿ ਪੁਲਸ ਆਪਣੇ ਅਧਿਕਾਰੀਆਂ ਨੂੰ ਬਚਾਉਣ ਵਿਚ ਜੁਟੀ ਹੋਈ ਹੈ। ਇਸ ਕੇਸ ਦੇ ਦੋਸ਼ੀ ਐੱਸ.ਪੀ. ਵਿਜੀਲੈਂਸ ਅਤੇ ਹੋਰਨਾਂ ਸਾਰੇ ਦੋਸ਼ੀਆਂ ਦੀ ਜ਼ਮਾਨਤ ਪਟੀਸ਼ਨ ਵੀ ਮੋਹਾਲੀ ਦੇ ਅਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਵਲੋਂ ਰੱਦ ਕਰ ਦਿੱਤੀ ਗਈ ਹੈ। ਈ.ਟੀ.ਓ. ਦੀ ਪਤਨੀ ਮਨਜੀਤ ਕੌਰ ਦਾ ਕਹਿਣਾ ਹੈ ਕਿ ਪੁਲਸ ਇਨ੍ਹਾਂ ਸਾਰੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰੇ ਤਾਂ ਕਿ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ। ਰਣਜੀਤ ਸਿੰਘ ਨੂੰ ਵਿਜੀਲੈਂਸ ਵਲੋਂ ਫੇਕ ਟ੍ਰੈਪ ਲਾ ਕੇ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਨੇ ਆਤਮ-ਹੱਤਿਆ ਕਰ ਲਈ ਸੀ। ਇਸ ਆਤਮ-ਹੱਤਿਆ ਨੂੰ ਲੈ ਕੇ ਪੂਰੇ ਪੰਜਾਬ ਦੇ ਈ.ਟੀ.ਓਜ਼ ਦੇ ਵਿਰੋਧ ਮਗਰੋਂ ਸਰਕਾਰ ਨੇ ਦੋ ਮੈਂਬਰੀ ਜਾਂਚ ਟੀਮ ਬਣਾਈ ਸੀ, ਜਿਸ ਨੇ ਇਸ ਟ੍ਰੈਪ ਨੂੰ ਜਾਅਲੀ ਕਰਾਰ ਦਿੱਤਾ ਸੀ ਅਤੇ ਟ੍ਰੈਪ ਲਾਉਣ ਵਾਲੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ। ਇਨ੍ਹਾਂ 'ਤੇ ਸਰਕਾਰ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਦੇ ਚਲਦੇ ਈ.ਟੀ.ਓ. ਦਾ ਪਰਿਵਾਰ ਇਸ ਰਿਪੋਰਟ ਨੂੰ ਆਧਾਰ ਬਣਾ ਕੇ  ਦੋਸ਼ੀ ਅਧਿਕਾਰੀਆਂ ਤੇ ਵਿਅਕਤੀਆਂ ਦੇ ਖਿਲਾਫ ਕੋਰਟ ਵਿਚ ਗਿਆ ਸੀ। ਕੋਰਟ ਵਲੋਂ 10 ਜੁਲਾਈ 2012 ਨੂੰ ਮੋਹਾਲੀ ਪੁਲਸ ਨੂੰ ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ ਉਹ ਜਾਅਲੀ ਟ੍ਰੈਪ ਦੇ ਦੋਸ਼ੀ ਅਮਨਦੀਪ ਕੌਰ ਐੱਸ.ਪੀ. ਵਿਜੀਲੈਂਸ ਬਿਊਰੋ ਲੁਧਿਆਣਾ, ਹੌਲਦਾਰ ਹਰਮਿੰਦਰ ਸਿੰਘ ਨਿਵਾਸੀ ਖੰਨਾ, ਰਜਿੰਦਰ ਸਿੰਘ ਗੋਪੀ ਲੁਧਿਆਣਾ, ਰਾਜੀਵ ਸੂਦ ਨਿਵਾਸੀ ਧੂਰੀ, ਪਰਮਜੀਤ ਸਿੰਘ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰੇ, ਜਿਸ ਵਿਚ ਉਨ੍ਹਾਂ ਨੇ ਇਸ ਟ੍ਰੈਪ ਨੂੰ ਇਕ ਸਾਜ਼ਿਸ਼ ਦੱਸਿਆ ਸੀ। ਉਸ ਮਗਰੋਂ ਕੋਰਟ ਨੇ ਤਾਂ ਆਦੇਸ਼ ਕਰ ਦਿੱਤੇ, ਉਸ ਤੋਂ ਬਾਅਦ ਪੁਲਸ ਨੇ ਐੱਫ.ਆਈ.ਆਰ. ਦਰਜ ਨਹੀਂ ਕੀਤੀ। ਈ.ਟੀ.ਓ. ਦੀ ਪਤਨੀ ਦੇ ਵਾਰ-ਵਾਰ ਕਹਿਣ 'ਤੇ ਲਗਭਗ 2 ਹਫ਼ਤੇ 18 ਅਗਸਤ ਨੂੰ ਪੁਲਸ ਨੇ ਉਪਰੋਕਤ ਦੋਸ਼ੀਆਂ ਖਿਲਾਫ ਐੱਫ.ਆਈ.ਆਰ. ਦਰਜ ਕਰਕੇ ਐੱਸ.ਪੀ. ਸਿਟੀ ਸਵਰਨਦੀਪ ਸਿੰਘ ਦੀ ਅਗਵਾਈ ਵਿਚ ਤਿੰਨ ਮੈਂਬਰੀ ਐੱਸ.ਆਈ.ਟੀ. ਦਾ ਗ਼ਠਨ ਕੀਤਾ। ਐੱਸ.ਆਈ.ਟੀ. ਨੇ ਛਾਣਬੀਣ ਤਾਂ ਸ਼ੁਰੂ ਕਰ ਦਿੱਤੀ ਹੈ, ਪਰੰਤੂ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਉਪਰੋਕਤ ਸਾਰੇ ਦੋਸ਼ੀਆਂ ਨੇ ਮੋਹਾਲੀ ਦੀ ਅਦਾਲਤ ਵਿਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਇਕ ਤੋਂ ਬਾਅਦ ਇਕ ਸਾਰਿਆਂ ਦੀਆਂ ਜ਼ਮਾਨਤੀ ਪਟੀਸ਼ਨਾਂ ਕੋਰਟ ਵਲੋਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਕੇਸ ਵਿਚ ਮਨਜੀਤ ਕੌਰ ਦੇ ਵਕੀਲ ਐਡਵੋਕੇਟ ਪ੍ਰਭਜੋਤ ਸਿੰਘ ਵਾਲੀਆ ਨੇ ਦੱਸਿਆ ਕਿ ਸਾਰੇ ਦੋਸ਼ੀਆਂ ਦੀਆਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਲਈ ਉਹ ਹੁਣ ਪੁਲਸ ਨੂੰ ਇਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਕਹਿਣਗੇ। ਜਾਣਕਾਰੀ ਅਨੁਸਾਰ ਹੁਣ ਇਹ ਸਾਰੇ ਹਾਈਕੋਰਟ ਵਿਚ ਜ਼ਮਾਨਤ ਲਈ ਅਪਲਾਈ ਕਰਨਗੇ। ਐੱਸ.ਆਈ.ਟੀ. ਚੀਫ਼ ਸਵਰਨਦੀਪ ਸਿੰਘ ਨੇ ਦੱਸਿਆ ਕਿ ਈ.ਟੀ.ਓ. ਰਣਜੀਤ ਸਿੰਘ ਹੱਤਿਆ ਮਾਮਲੇ ਵਿਚ ਐੱਫ.ਆਈ.ਆਰ. ਤੋਂ ਬਾਅਦ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਮਾਨਤ ਪਟੀਸ਼ਨ ਰੱਦ ਹੋਣ ਦੇ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ, ਪਰੰਤੂ ਇਨ੍ਹਾਂ ਸਾਰਿਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।