ਨੂਰਮਹਿਲ,(ਦਿਨੇਸ਼)-ਬੀਤੀ ਰਾਤ ਸਥਾਨਕ ਨੂਰਮਹਿਲ ਫਿਲੌਰ ਰੋਡ 'ਤੇ ਸਥਿਤ ਦੋ ਦੁਕਾਨਾਂ ਵਿਚ ਚੋਰਾਂ ਵਲੋਂ ਸੰਨ੍ਹ  ਲਾ ਕੇ ਚੋਰੀ ਕਰਨ ਦੀ ਖਬਰ ਨਾਲ ਇਲਾਕੇ ਭਰ ਦੇ ਦੁਕਾਨਦਾਰਾਂ ਵਿਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਚੋਰਾਂ ਨੇ ਨਿਸ਼ਾਨ ਟੈਲੀਕਾਮ ਦੀ ਦੁਕਾਨ 'ਤੇ ਪਿੱਛਿਓਂ ਸੰਨ੍ਹ ਲਾ ਕੇ ਕੰਧ ਪਾੜੀ ਅਤੇ ਦੁਕਾਨ ਅੰਦਰ ਪਿਆ ਲਗਭਗ ਪੰਜਾਹ ਹਜ਼ਾਰ ਰੁਪਏ ਦਾ ਅਸੈਸਰੀ ਦਾ ਸਾਮਾਨ, ਚਾਈਨਾ ਮੇਡ ਅੱਠ ਮੋਬਾਈਲ, ਇਕ ਲੈਪਟਾਪ, ਦੋ ਹਜ਼ਾਰ ਰੁਪਏ ਨਕਦ, 40 ਦੇ ਲਗਭਗ ਮੁਰੰਮਤ ਹੋਣ ਲਈ ਆਏ ਵੱਖ-ਵੱਖ ਕੰਪਨੀਆਂ ਦੇ ਮੋਬਾਈਲ ਅਤੇ ਇਕ ਜੋੜਾ ਸਪੀਕਰਾਂ ਦਾ ਚੋਰੀ ਕਰਕੇ ਲੈ ਗਏ।  ਇਹ ਜਾਣਕਾਰੀ ਦੁਕਾਨ ਦੇ ਮਾਲਕ ਜਸਵਿੰਦਰ ਸਿੰਘ ਨੇ ਮੌਕੇ 'ਤੇ ਗਏ ਪੱਤਰਕਾਰਾਂ ਨੂੰ ਦਿੱਤੀ। ਇਸੇ ਤਰ੍ਹਾਂ ਨਾਲ ਲੱਗਦੀ ਦੁਕਾਨ ਗਹੀਰ ਵੈਲਡਿੰਗ ਵਰਕਸ ਦੇ ਮਾਲਕ ਬੂਟਾ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਸਵੇਰੇ ਆਪਣੀ ਦੁਕਾਨ ਖੋਲ੍ਹੀ ਤਾਂ ਪਿਛਲੀ ਕੰਧ ਵਿਚ ਵੱਡਾ ਛੇਕ ਹੋਇਆ ਸੀ ਅਤੇ ਦੁਕਾਨ ਅੰਦਰ  ਪਈ 1 ਹਾਰਸ ਪਾਵਰ ਦੀ ਇਕ ਮੋਟਰ ਗਾਇਬ ਸੀ। ਪੁਲਸ ਨੇ ਮੌਕਾ ਦੇਖ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।