ਮੰਡੀ 'ਚ ਬਰਸਾਤੀ ਪਾਣੀ ਖੜ੍ਹਨ ਦੇ ਕਾਰਨਾਂ ਦਾ ਜ਼ਿਲਾ ਮੰਡੀ ਅਫਸਰ ਨੇ ਲਿਆ ਜਾਇਜ਼ਾ
ਮਾਛੀਵਾੜਾ ਸਾਹਿਬ-ਮਾਛੀਵਾੜਾ ਦੀ ਅਨਾਜ ਮੰਡੀ ਭਾਵੇਂ ਕਿ ਜ਼ਿਲੇ ਦੀਆਂ ਵੱਡੀਆਂ ਮੰਡੀਆਂ ਵਿਚ ਗਿਣੀ ਜਾਣ ਵਾਲੀ ਹੈ ਪਰ ਇਸ ਦੇ ਪ੍ਰਬੰਧਾਂ ਨੂੰ ਲੈ ਕੇ ਮੰਡੀ ਬੋਰਡ ਦੀ ਢਿੱਲਮੱਠ ਦੀ ਨੀਤੀ ਨੇ ਪਿਛਲੇ ਕਈ ਸਾਲਾਂ ਤੋਂ ਆ ਰਹੀ ਕਿਸਾਨਾਂ ਦੀ ਫਸਲ ਨੂੰ ਬਰਸਾਤੀ ਪਾਣੀ ਦੇ ਭੇਟ ਚੜ੍ਹਾਇਆ ਤੇ ਅਧਿਕਾਰੀ ਕਾਗਜ਼ਾਂ ਦੀ ਢਿੱਡ ਭਰਾਈ ਕਰਕੇ ਆਪਣੇ ਫਰਜ਼ਾਂ ਤੋਂ ਮੁਕਤ ਹੋ ਕੇ ਪ੍ਰਬੰਧਾਂ ਨੂੰ ਪੁਖਤਾ ਦਸਦੇ ਆਏ ਜਦਕਿ ਜ਼ਮੀਨੀ ਹਕੀਕਤ ਇਹ ਰਹੀ ਕਿ ਹਰ ਸਾਲ ਮੱਕੀ ਦੀ ਫਸਲ ਆਉਣ ਸਮੇਂ ਬਰਸਾਤਾਂ ਦੇ ਦਿਨਾਂ ਵਿਚ ਮੰਡੀ ਦੇ ਫੜ੍ਹ ਪਾਣੀ ਨਾਲ ਨੱਕੋ-ਨੱਕ ਭਰਦੇ ਨਜ਼ਰ ਆਏ ਤੇ ਅਜਿਹਾ ਹੀ ਕੱਲ ਸੈਂਕੜੇ ਕੁਇੰਟਲ ਵਿਕਣ ਲਈ ਆਈ ਮੱਕੀ ਦੀ ਫਸਲ ਦਾ ਹਸ਼ਰ ਬਰਸਾਤੀ ਪਾਣੀ ਵਿਚ ਹੋਇਆ। ਮੰਡੀ ਪ੍ਰਬੰਧਾਂ ਤੋਂ ਦੁਖੀ ਆਏ ਕਿਸਾਨਾਂ ਨੇ ਪੱਤਰਕਾਰਾਂ ਨੂੰ ਸੱਦ ਕੇ ਆਪਣੀ ਮੱਕੀ ਦੀ ਫਸਲ ਦੀ ਦੁਰਦਸ਼ਾ ਤੋਂ ਜਾਣੂ ਕਰਵਾਇਆ ਜਿਸ ਦੀ ਖ਼ਬਰ ਪ੍ਰਕਾਸ਼ਿਤ ਹੁੰਦਿਆਂ ਹੀ ਅੱਜ ਜ਼ਿਲਾ ਮੰਡੀ ਅਫਸਰ ਰਾਜਪਾਲ ਧਾਲੀਵਾਲ ਨੇ ਪਾਣੀ ਦੇ ਨਿਕਾਸੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਮੰਡੀ 'ਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਏ ਸੀਵਰੇਜ ਦੀਆਂ ਪਾਈਪਾਂ ਦੀ ਜਾਂਚ ਲਈ ਸੀਵਰੇਜ ਅਧਿਕਾਰੀਆਂ ਨੂੰ ਵੀ ਸੱਦਿਆ ਗਿਆ ਅਤੇ ਇਸ ਦੇ ਸਥਾਈ ਹੱਲ ਲਈ ਅਨਾਜ ਮੰਡੀ ਦੇ ਆੜ੍ਹਤੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਬਰਸਾਤੀ ਪਾਣੀ ਨੂੰ ਮੰਡੀ ਵਿਚ ਹੀ ਇਕ ਵੱਡਾ ਖੂਹ ਪੁੱਟ ਕੇ ਪੰਪ ਰਾਹੀਂ ਸੀਵਰੇਜ 'ਚ ਸੁੱਟ ਕੇ ਬਾਹਰ ਕੱਢਣ ਦਾ ਪ੍ਰਪੋਜ਼ਲ ਬਣਾਇਆ ਤਾਂ ਜੋ ਮੀਂਹ ਪੈਣ 'ਤੇ ਕਿਸਾਨਾਂ ਦੀ ਫਸਲ ਨੂੰ ਖ਼ਰਾਬ ਹੋਣ ਤੋਂ ਬਚਾਇਆ ਜਾ ਸਕੇ। ਡੀ. ਐੱਮ. ਓ. ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੱਲ ਹੋਈ ਮੱਕੀ ਦੀ ਫਸਲ ਦੀ ਖ਼ਰਾਬੀ ਬਾਰੇ ਕਿਹਾ ਕਿ ਮੰਡੀ ਵਿਚ ਪਾਣੀ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਹੱਲ ਕੀਤਾ ਜਾਵੇਗਾ ਤਾਂ ਕਿ ਭਵਿੱਖ ਵਿਚ ਕਿਸਾਨਾਂ ਦੀ ਫਸਲ ਮੰਡੀ ਵਿਚ ਪਾਣੀ ਦੀ ਭੇਟ ਨਾ ਚੜ੍ਹ ਸਕੇ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਸ਼ੇਰੀਆਂ, ਉਪ ਚੇਅਰਮੈਨ ਸੁਸ਼ੀਲ ਲੂਥਰਾ, ਸਕੱਤਰ ਜਸਵੀਰ ਸਿੰਘ, ਅਮਰੀਕ ਸਿੰਘ ਔਜਲਾ ਪ੍ਰਧਾਨ, ਟਹਿਲ ਸਿੰਘ ਔਜਲਾ ਸਾਬਕਾ ਉਪ ਪ੍ਰਧਾਨ, ਪਰਮਿੰਦਰ ਸਿੰਘ ਗੁਲਿਆਣੀ, ਹਰਿੰਦਰ ਮੋਹਣ ਸਿੰਘ ਕਾਲੜਾ, ਜਸਵਿੰਦਰ ਸਿੰਘ ਤੇ ਅਵਤਾਰ ਸਿੰਘ ਵੀ ਮੌਜੂਦ ਸਨ।