ਵਾਸ਼ਿੰਗਟਨ— ਅਮਰੀਕੀ ਸਕੂਲਾਂ 'ਚ ਸਿੱਖ ਅਮਰੀਕੀ ਬੱਚਿਆਂ ਨੂੰ ਸ਼ੋਸ਼ਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਸੀਨੀਅਰ ਅਧਿਕਾਰੀ ਅਨੁਸਾਰ ਇਸ ਮੁੱਦੇ 'ਤੇ ਧਿਆਨ ਦੇਣ ਦੀ ਲੋੜ ਹੈ। ਸਹਾਇਕ ਅਟਾਰਨੀ ਜਨਰਲ ਥਾਮਸ ਈ ਪੇਰੇਜ ਨੇ ਕੈਲੀਫੋਰਨੀਆ 'ਚ ਆਯੋਜਿਤ ਇਕ ਸੰਮੇਲਨ 'ਚ ਕਿਹਾ ਕਿ ਜਦੋਂ ਅਸੀਂ ਵਿਸਕੋਂਸਿਨ 'ਚ ਸਿੱਖਾਂ ਦੇ ਓਕ ਕ੍ਰੀਕ ਗੁਰਦੁਆਰੇ 'ਤੇ ਹੋਈ ਤ੍ਰਾਸਦੀ ਜਿਹੀਆਂ ਘਟਨਾਵਾਂ ਨੂੰ ਰੋਕਣ ਬਾਰੇ ਸੋਚਦੇ ਹਾਂ ਤਾਂ ਸਾਨੂੰ ਸਕੂਲਾਂ 'ਚ ਸਿੱਖ ਅਮਰੀਕੀ ਬੱਚਿਆਂ ਦੇ ਸ਼ੋਸ਼ਣ 'ਤੇ ਵੀ ਜ਼ਰੂਰ ਸੋਚਣਾ ਚਾਹੀਦਾ ਹੈ।
ਉਹ ਪੰਜ ਅਗਸਤ ਨੂੰ ਵਿਸਕੋਂਸਿਨ ਗੁਰਦੁਆਰੇ 'ਤੇ ਹੋਏ ਹਮਲੇ ਬਾਰੇ ਚਰਚਾ ਕਰ ਰਹੇ ਸਨ। ਇਸ ਹਮਲੇ 'ਚ 6 ਸਿੱਖ ਸ਼ਰਧਾਲੂ ਮਾਰੇ ਗਏ ਸਨ। ਪੇਰੇਜ ਨੇ ਕਿਹਾ ਕਿ 2010 ਦੇ ਸਰਵੇਖਣ ਅਨੁਸਾਰ ਖਾੜ੍ਹੀ ਖੇਤਰ ਦੇ 75 ਫੀਸਦੀ ਸਿੱਖ ਅਮਰੀਕੀ ਬੱਚਿਆਂ ਨੇ ਇਹ ਦੋਸ਼ ਲਗਾਇਆ ਸੀ ਕਿ ਸਕੂਲ 'ਚ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮਿਸ਼ਨ ਇਨ੍ਹਾਂ ਬਦਮਾਸ਼ੀਆਂ ਨੂੰ ਰੋਕਣਾ ਹੈ ਜੋ ਯਕੀਨੀ ਤੌਰ 'ਤੇ ਸਕੂਲਾਂ ਤੋਂ ਸ਼ੁਰੂ ਹੁੰਦੀਆਂ ਹਨ। ਸਕੂਲਾਂ 'ਚ ਸਾਡੇ ਬੱਚੇ ਰਹਿਣਾ, ਖੇਡਣਾ ਅਤੇ ਕੰਮ ਕਰਨਾ ਸਿੱਖਦੇ ਹਨ। ਸਾਡੇ ਹੀ ਸਕੂਲਾਂ 'ਚ ਡਰ ਅਤੇ ਅਸਹਿਜਤਾ ਪਨਪ ਰਹੀ ਹੈ ਅਤੇ ਸਾਡੇ ਸਕੂਲਾਂ ਤੋਂ ਹੀ ਸਨਮਾਨ ਅਤੇ ਹਮਦਰਦੀ ਦੀ ਭਾਵਨਾ ਨੂੰ ਬੜ੍ਹਾਵਾ ਦਿੱਤਾ ਜਾਂਦਾ ਹੈ। ਪਰੇਜ ਨੇ ਕਿਹਾ ਕਿ ਹਿੰਸਾ ਦੀਆਂ ਕੁਝ ਘਟਨਾਵਾਂ ਬੱਚਿਆਂ ਦੀਆਂ ਇਨ੍ਹਾਂ ਹੀ ਬਦਮਾਸ਼ੀਆਂ ਨਾਲ ਜੁੜੀਆਂ ਹਨ।