ਚੰਡੀਗੜ੍ਹ— ਆਰਟ ਆਫ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵਿਸ਼ੰਕਰ ਅਤੇ ਉਨ੍ਹਾਂ ਦੇ ਸੱਤ ਨਿਦੇਸ਼ਕ 50 ਲੱਖ ਰੁਪਏ ਦੀ ਅਦਾਇਗੀ ਨੂੰ ਲੈ ਕੇ ਬੁਰੀ ਤਰ੍ਹਾਂ ਉਲਝ ਗਏ ਹਨ। ਮੋਹਾਲੀ ਦੀ ਜ਼ਿਲਾ ਅਤੇ ਸੈਸ਼ਨ ਕੋਰਟ ਨੇ ਵੀਰਵਾਰ ਨੂੰ ਸ਼੍ਰੀ ਸ਼੍ਰੀ ਰਵਿਸ਼ੰਕਰ ਸਮੇਤ 8 ਲੋਕਾਂ ਖਿਲਾਫ ਚੈੱਕ ਬਾਊਂਸ ਦੀ ਸ਼ਿਕਾਇਤ ਦੇ ਚੱਲਦੇ ਉਨ੍ਹਾਂ ਨੂੰ ਤਿੰਨ ਅਕਤੂਬਰ ਤੱਕ ਲਈ ਸਥਿਤੀ ਸਪੱਸ਼ਟ ਕਰਨ  ਦਾ ਨੋਟਿਸ ਜਾਰੀ ਕੀਤਾ ਹੈ।
ਦਾਖਲ ਪਟੀਸ਼ਨ 'ਚ ਮੋਹਾਲੀ ਦੇ ਨਿਊ ਰਾਜੂ ਟੈਂਟ ਹਾਊਸ ਦੇ ਮਾਲਕ ਰਜਿੰਦਰ ਧਾਲੀਵਾਲ, ਸਹਿਗਲ ਟੈਂਟ ਹਾਊਸ, ਵੀਡੀਓ ਤੇ ਸਟਿੱਲ ਫੋਟੋਗ੍ਰਾਫੀ ਦੀ ਕੰਪਨੀ ਰੈੱਡ ਫਾਇਰ ਅਤੇ ਬਲਵੰਤ ਸਿੰਘ ਨੇ ਦੋਸ਼ ਲਗਾਇਆ ਹੈ ਕਿ ਸ਼੍ਰੀ ਸ਼੍ਰੀ ਰਵਿਸ਼ੰਕਰ ਦੇ 7 ਨਿਦੇਸ਼ਕਾਂ ਨੇ ਸੋਲਨ ਤੇ ਸ਼ਿਮਲਾ 'ਚ ਸਾਲ 2011 'ਚ ਮਹਾ-ਸਤਿਸੰਗ ਸਮਾਰੋਹ ਦੇ ਸ਼ਾਨਦਾਰ ਆਯੋਜਨ ਦੌਰਾਨ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ। ਕਵਰੇਜ ਦੇ ਬਿੱਲਾਂ ਦਾ ਭੁਗਤਾਨ (ਲਗਭਗ 50 ਲੱਖ ਰੁਪਏ) ਨਹੀਂ ਕੀਤਾ ਗਿਆ ਹੈ। ਬੁਕਿੰਗ ਤੋਂ ਪਹਿਲਾਂ ਸਾਰੇ ਕਾਰੋਬਾਰੀਆਂ ਨੂੰ 1-1 ਲੱਖ ਰੁਪਏ ਦਿੱਤੇ ਸਨ।
ਨਿਦੇਸ਼ਕਾਂ ਵਲੋਂ ਦਿੱਤੀ ਗਈ ਬਕਾਇਆ ਰਕਮ ਦੇ ਸਾਰੇ ਚੈੱਕ ਬਾਊਂਸ ਹੋ ਗਏ ਹਨ। ਪਟੀਸ਼ਨ 'ਚ ਕਾਰੋਬਾਰੀਆਂ ਨੇ ਇਹ ਵੀ ਕਿਹਾ ਹੈ ਕਿ ਜਦੋਂ ਉਹ ਫਰਿਆਦ ਲੈ ਕੇ ਆਰਟ ਆਫ ਲਿਵਿੰਗ ਦੇ ਮੁਖੀ ਸ਼੍ਰੀ ਸ਼੍ਰੀ ਰਵਿਸ਼ੰਕਰ ਕੋਲ ਗਏ ਤਾਂ ਉਨ੍ਹਾਂ ਨੇ ਸ਼ਿਕਾਇਤ ਸੁਣਨ ਦੀ ਥਾਂ ਸਾਫ ਇਨਕਾਰ ਕਰਦੇ ਹੋਏ ਕਿਹਾ ਕਿ ਮੈਂ ਵਿਵਹਾਰਿਕ ਗੱਲਾਂ 'ਚ ਨਹੀਂ ਪੈਂਦਾ, ਤੁਸੀਂ ਇਸ ਬਾਰੇ ਨਿਦੇਸ਼ਕਾਂ ਤੋਂ ਪੁੱਛੋ। ਉਨ੍ਹਾਂ ਦੀ ਇਸ ਪ੍ਰਤੀਕਿਰਿਆ ਤੋਂ ਨਾਰਾਜ਼ ਟੈਂਟ, ਵੀਡੀਓ ਤੇ ਫੋਟੋਗ੍ਰਾਫੀ ਦਾ ਪ੍ਰਬੰਧ ਕਰਨ ਵਾਲੇ ਕੰਪਨੀ ਦੇ ਮਾਲਕ ਇਕਜੁੱਟ ਹੋ ਕੇ ਅਦਾਲਤ ਪੁੱਜ ਗਏ ਹਨ।