ਫ਼ਰੀਦਕੋਟ, (ਬਲਵਿੰਦਰ ਹਾਲੀ)- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਬਾਬਾ ਫ਼ਰੀਦ ਜੀ ਦੇ 27ਵੇਂ ਆਗਮਨ ਪੁਰਬ ਸਬੰਧੀ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਆਯੋਜਿਤ ਕੀਤੇ ਗਏ ਪੇਂਡੂ ਖੇਡ ਮੇਲੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਬਾ ਫ਼ਰੀਦ ਜੀ ਇਕ ਮਹਾਨ ਰੂਹਾਨੀ ਦੂਤ, ਸੂਫੀ ਸੰਤ ਅਤੇ ਭਾਰਤ ਵਿਚ ਸੂਫੀ ਰੀਤਾਂ ਦੇ ਸੰਸਥਾਪਕ ਸਨ। ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਉਸ ਨਾਲ ਜੁੜੇ ਕੌਮੀ ਰਾਜਨੀਤਿਕ ਦਲ ਮੱਧਕਾਲੀ ਚੋਣਾਂ ਲੜਨ ਲਈ ਤਿਆਰ-ਬਰ-ਤਿਆਰ ਹਨ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਹੁਣ ਕਾਂਗਰਸ ਦੇ ਦਿਨ ਪੁੱਗ ਗਏ ਹਨ ਕਿਉਂਕਿ ਯੂ. ਪੀ. ਏ. ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਜਿਸ ਕਾਰਨ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਬੜ੍ਹਾਵਾ ਦਿੱਤਾ ਗਿਆ ਹੈ, ਇਹ ਦੇਸ਼ ਦੀਆਂ ਆਰਥਿਕਤਾ ਨੂੰ ਸੁਧਾਰੇਗੀ ਨਹੀਂ ਬਲਕਿ ਤਬਾਹੀ ਵੱਲ ਲਿਜਾਵੇਗੀ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਛੋਟੇ ਦੁਕਾਨਦਾਰਾਂ ਅਤੇ ਲਘੂ ਉਦਯੋਗਾਂ ਲਈ ਕਾਂਗਰਸ ਸਰਕਾਰ ਦਾ ਇਹ ਫੈਸਲਾ ਤਬਾਹਕੁੰਨ ਹੋਵੇਗਾ ਅਤੇ ਇਹ ਇਕ ਆਮ ਆਦਮੀ ਲਈ ਵੀ ਮਾਰੂ ਸਾਬਿਤ ਹੋਵੇਗਾ ਜਦਕਿ ਅਜਿਹੇ ਫੈਸਲੇ ਬਹੁਰਾਸ਼ਟਰੀ ਕੰਪਨੀਆਂ ਅਤੇ ਗਲੋਬਲ ਕਾਰਪੋਰੇਟ ਵਾਸਤੇ ਸਹਾਈ ਹੁੰਦੇ ਹਨ। ਇਸ ਮੌਕੇ ਪੇਂਡੂ ਖੇਡ ਮੇਲੇ ਦਾ ਉਦਘਾਟਨ ਕਰਨ ਉਪਰੰਤ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬੀ ਮਾਂ ਖੇਡ ਕਬੱਡੀ ਦੀ ਡਿੱਗਦੀ ਹੋਈ ਸਾਖ ਨੂੰ ਉੱਚ ਦਰਜਾ ਦੇ ਕੇ ਵਿਸ਼ਵ-ਵਿਆਪੀ ਕਬੱਡੀ ਦਾ ਦਰਜਾ ਦਿਵਾਇਆ ਅਤੇ ਹੁਣ ਤਕ ਪੰਜਾਬ ਵਿਚ ਦੋ ਵਿਸ਼ਵ ਕਬੱਡੀ ਕੱਪ ਆਯੋਜਿਤ ਕੀਤੇ ਜਾ ਚੁੱਕੇ ਹਨ ਜਦਕਿ ਤੀਸਰਾ ਵਿਸ਼ਵ ਕਬੱਡੀ ਕੱਪ ਇਸ ਸਾਲ ਪੰਜਾਬ ਵਿਚ ਦਸੰਬਰ ਦੇ ਮਹੀਨੇ ਕਰਵਾਇਆ ਜਾਵੇਗਾ। ਇਲਾਕਾ ਨਿਵਾਸੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਫਰੀਦਕੋਟ ਨੂੰ ਵਿਰਾਸਤੀ ਸ਼ਹਿਰ ਦਾ ਦਰਜਾ ਦਿਵਾਉਣ ਦਾ ਜ਼ਿਕਰ ਕਰਨ ਲਈ ਮੁੱਖ ਮੰਤਰੀ ਨੇ ਕਿਹਾ ਕਿ ਫਰੀਦਕੋਟ ਦੇ ਇਤਿਹਾਸਕ ਸ਼ਹਿਰ ਨੂੰ ਵਿਰਾਸਤੀ ਦਰਜਾ ਦਿਵਾਉਣ ਲਈ ਹਰ ਸੰਭਵ ਯਤਨ ਕਰਨਗੇ।
ਇਸ ਮੌਕੇ ਸ. ਬਾਦਲ ਨੇ ਜ਼ਿਲਾ ਫ਼ਰੀਦਕੋਟ ਸੱਭਿਆਚਾਰਕ ਸੁਸਾਇਟੀ ਵਲੋਂ ਤਿਆਰ ਕੀਤਾ ਰੰਗਦਾਰ ਸੋਵੀਨਾਰ ਵੀ ਰਿਲੀਜ਼ ਕੀਤਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਨੇ ਗੁਰਦੁਆਰਾ ਟਿੱਲਾ ਬਾਬਾ ਸ਼ੇਖ ਫਰੀਦ ਵਿਖੇ ਮੱਥਾ ਟੇਕਿਆ ਅਤੇ ਇੰਦਰਜੀਤ ਸਿੰਘ ਖਾਲਸਾ ਮੁੱਖ ਸੇਵਾਦਾਰ ਵਲੋਂ ਮੁੱਖ ਮੰਤਰੀ ਨੂੰ ਸਿਰੋਪਾਓ ਬਖਸ਼ਿਸ਼ ਕੀਤਾ ਗਿਆ। ਇਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੇ ਫ਼ਰੀਦਕੋਟ ਵਿਖੇ 45 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਗਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਬਿਲਡਿੰਗ ਦਾ ਉਦਘਾਟਨ ਕੀਤਾ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਲੋਂ 6 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਨਸ਼ਾ ਛੁਡਾਊ ਕੇਂਦਰ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਮੁੱਖ ਮੰਤਰੀ ਨੇ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਵਿਚੋਂ ਕੈਂਸਰ ਦੇ 9 ਮਰੀਜ਼ਾਂ ਨੂੰ ਦਵਾਈਆਂ ਲੈਣ ਲਈ 1 ਲੱਖ ਰੁਪਏ ਗ੍ਰਾਂਟ ਦੇ ਚੈੱਕ ਵੀ ਤਕਸੀਮ ਕੀਤੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਬੀਬੀ ਪਰਮਜੀਤ ਕੌਰ ਗੁਲਸ਼ਨ ਮੈਂਬਰ ਪਾਰਲੀਮੈਂਟ, ਦੀਪ ਮਲਹੋਤਰਾ ਐੱਮ. ਐੱਲ. ਏ. ਫ਼ਰੀਦਕੋਟ, ਪਰਮਬੰਸ ਸਿੰਘ ਰੁਮਾਣਾ, ਜਥੇਦਾਰ ਮਨਮੋਹਨ ਸਿੰਘ ਬਰਾੜ, ਰਮਿੰਦਰ ਸਿੰਘ ਕਮਿਸ਼ਨਰ ਫ਼ਰੀਦਕੋਟ ਡਵੀਜ਼ਨ, ਆਈ. ਜੀ. ਐੱਨ. ਐੱਸ. ਢਿੱਲੋਂ, ਰਵੀ ਭਗਤ ਡਿਪਟੀ ਕਮਿਸ਼ਨਰ ਫ਼ਰੀਦਕੋਟ, ਜੀ. ਐੱਸ. ਢਿੱਲੋਂ ਐੱਸ. ਐੱਸ. ਪੀ. ਪੀ., ਹਰਜੀਤ ਸਿੰਘ ਭੋਲੂਵਾਲਾ, ਸਰਬਦੀਪ ਸਿੰਘ ਜਿਪਸੀ, ਬੀਬੀ ਗੁਰਿੰਦਰ ਕੌਰ ਐੱਸ. ਜੀ. ਪੀ. ਸੀ. ਮੈਂਬਰ, ਰਮਨਦੀਪ ਸਿੰਘ ਜਿੰਮੀ ਪ੍ਰਧਾਨ ਟਰੱਕ ਯੂਨੀਅਨ, ਸ਼ੇਰ ਸਿੰਘ ਮੰਡ ਮੈਂਬਰ ਐੱਸ. ਜੀ. ਪੀ. ਸੀ., ਗੁਰਕੰਵਲ ਸਿੰਘ, ਸਤਵੀਰ ਸਿੰਘ ਸੱਤਾ ਅਤੇ ਰਜਿੰਦਰ ਸਿੰਘ ਰੋਮਾਣਾ ਹਾਜ਼ਰ ਸਨ।