ਰਿਤਿਕ ਰੋਸ਼ਨ ਨੇ ਆਪਣੀ ਪਿਛਲੀ ਰਿਲੀਜ਼ ਫ਼ਿਲਮ ‘ਅਗਨੀਪਥ’ ਵਿਚ ਵਿਜੇ ਦੀਨਾਨਾਥ ਚੌਹਾਨ ਦੇ ਕਿਰਦਾਰ ਦੀਆਂ ਭਾਵਨਾਵਾਂ ਦੀ ਤੀਬਰਤਾ ਨੂੰ ਅਨੋਖੇ ਅਤੇ ਨਿਰਾਲੇ ਅੰਦਾਜ਼ ’ਚ ਪੇਸ਼ ਕੀਤਾ। ਅੱਜ ਰਿਤਿਕ ਦੇ ਪ੍ਰਸ਼ੰਸਕ ਬੇਹੱਦ ਖੁਸ਼ ਹਨ। ਰਿਤਿਕ ਵੀ ਇਸ ਸਫਲਤਾ ਤੋਂ ਬਾਅਦ ਹਵਾ ’ਚ ਉਡਣ ਲੱਗਾ ਹੈ ਅਤੇ ਹੁਣ ਰਿਤਿਕ ਨੂੰ ਆਪਣੀ ਅਗਲੀ ਫ਼ਿਲਮ ‘ਕ੍ਰਿਸ਼-2’ ਵਿਚ ਵੀ ਧਮਾਕਾ ਕਰਨ ਦੀ ਆਸ ਬੱਝ ਗਈ ਹੈ। ਪੇਸ਼ ਹਨ ਉਸ ਨਾਲ ਇਕ ਗੱਲਬਾਤ ਦੇ ਮੁੱਖ ਅੰਸ਼-
 * ‘ਅਗਨੀਪਥ’ ਤੁਹਾਡੇ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ। ਕੀ ਇਹ ਅਮਿਤਾਭ ਬੱਚਨ ਸਟਾਰਰ ‘ਅਗਨੀਪਥ’ ਦੀ ਰੀਮੇਕ ਸੀ?
-ਜਿਸ ਵੇਲੇ ਮੈਂ ਇਹ ਫ਼ਿਲਮ ਸਾਈਨ ਕੀਤੀ, ਉਸ ਵੇਲੇ ਮੈਨੂੰ ਕਰਨ ਜੌਹਰ ਅਤੇ ਕਰਨ ਮਲਹੋਤਰਾ ਨੇ ਦੱਸ ਦਿੱਤਾ ਸੀ ਕਿ ਉਨ੍ਹਾਂ ਨੇ ਮੂਲ ‘ਅਗਨੀਪਥ’ ਦਾ ਸਿਰਫ ਢਾਂਚਾ ਹੀ ਲਿਆ ਹੈ ਅਤੇ ਫ਼ਿਲਮ ਦੇ ਸਾਰੇ ਰਿਸ਼ਤਿਆਂ ਨੂੰ ਨਵੇਂ ਢੰਗ ਨਾਲ ਪਰਿਭਾਸ਼ਿਤ ਕੀਤਾ ਹੈ ਅਤੇ ਮੈਨੂੰ ਵੀ ਆਪਣਾ ਕਿਰਦਾਰ ਮੂਲ ਫ਼ਿਲਮ ਦੇ ਅਮਿਤਾਭ ਬੱਚਨ ਵਾਲੇ ਕਿਰਦਾਰ ਤੋਂ ਥੋੜ੍ਹਾ ਵੱਖਰਾ ਲੱਗਾ। ਇਸ ਲਈ ਮੈਂ ਫ਼ਿਲਮ ਨੂੰ ਸਵੀਕਾਰ ਕਰਨ ’ਚ ਜ਼ਰਾ ਵੀ ਦੇਰ ਨਹੀਂ ਕੀਤੀ। ਜਦੋਂ ਫ਼ਿਲਮ ਸ਼ੁਰੂ ਹੋਈ ਤਾਂ ਮੈਨੂੰ ਪਤਾ ਸੀ ਕਿ ਜੇਕਰ ਮੈਂ ਫ਼ਿਲਮ ’ਚ ਅਮਿਤਾਭ ਬੱਚਨ ਦੀ ਨਕਲ ਕਰਾਂਗਾ ਤਾਂ ਬਿਲਕੁੱਲ ਬੇਵਕੂਫ ਨਜ਼ਰ ਆਵਾਂਗਾ, ਇਸ ਲਈ ਮੈਂ ਆਪਣੇ ਤਰੀਕੇ ਨਾਲ ਕੰਮ ਕੀਤਾ ਅਤੇ ਮੇਰੇ ਕੰਮ ਨੂੰ ਦਰਸ਼ਕਾਂ ਨੇ ਪਸੰਦ ਕੀਤਾ।
* ਫ਼ਿਲਮ ‘ਅਗਨੀਪਥ’ ਦੇ ਆਖਰੀ ਸ਼ੈਡਿਊਲ ਦੌਰਾਨ ਤੁਹਾਡੇ ਜ਼ਖ਼ਮੀ ਹੋਣ ਦੀ ਖ਼ਬਰ ਆਈ ਸੀ, ਜਿਸ ਕਾਰਨ ਤੁਹਾਡੇ ਪੁਰਾਣੇ ਪਿੱਠ ਦਰਦ ਨੇ ਤੁਹਾਨੂੰ ਦੁਬਾਰਾ ਪ੍ਰੇਸ਼ਾਨ ਕਰ ਦਿੱਤਾ ਹੈ। ਸੁਣਿਐ ਕਿ ਤੁਸੀਂ ਦੁਬਾਰਾ ਸਰਗਰਮ ਨਹੀਂ ਹੋ ਰਹੇ। ਅਜਿਹੇ ’ਚ ਤੁਹਾਡੀ ਹੋਮ ਪ੍ਰੋਡਕਸ਼ਨ ਦੀ ਫ਼ਿਲਮ ‘ਕ੍ਰਿਸ਼-2’ ਦਾ ਕੀ ਅੰਜਾਮ ਹੋਵੇਗਾ, ਜਿਸ ਦੀ ਸ਼ੂਟਿੰਗ ਸ਼ੁਰੂ ਹੋਣ ਵਾਲੀ ਸੀ?
- ਯਕੀਨਨ ਪਿਛਲੇ ਕੁਝ ਸਮੇਂ ਤੋਂ ਮੇਰੀਆਂ ਪ੍ਰੇਸ਼ਾਨੀਆਂ ਵਧਦੀਆਂ ਹੀ ਜਾ ਰਹੀਆਂ ਹਨ। ਸਾਰੀਆਂ ਸਾਵਧਾਨੀਆਂ ਵਰਤਣ ਤੋਂ ਬਾਅਦ ਵੀ ਮੈਂ ਆਪਣੇ ਸਲਿੱਪ ਡਿਸਕ ਤੋਂ ਛੁਟਕਾਰਾ ਨਹੀਂ ਪਾ ਸਕਿਆ। ਦਰਦ ਤੋਂ ਮੈਨੂੰ ਕੋਈ ਰਾਹਤ ਨਹੀਂ ਮਿਲ ਰਹੀ। ਪਿਛਲੇ ਸਾਲ ਦੇ ਆਖਰੀ ਦਿਨਾਂ ’ਚ ਮੈਂ ਉਦੈਪੁਰ ’ਚ ਪੌਪ ਸਿੰਗਰ ਸ਼ਕੀਰਾ ਨਾਲ ਸਟੇਜ ਪ੍ਰਫਾਰਮ ਕਰਨਾ ਸੀ ਪਰ ਉਥੇ ਵੀ ਮੈਂ ਆਪਣੀ ਪਿੱਠ ਦਰਦ ਕਾਰਨ ਨਹੀਂ ਜਾ ਸਕਿਆ ਪਰ ਹੁਣ ‘ਅਗਨੀਪਥ’ ਨੂੰ ਦਰਸ਼ਕਾਂ ਦੇ ਮਿਲੇ ਚੰਗੇ ਹੁੰਗਾਰੇ ਨਾਲ ਮੇਰੇ ਅੰਦਰ ਇਕ ਅਜੀਬ ਜਿਹੀ ਤਾਕਤ ਆ ਚੁੱਕੀ ਹੈ ਅਤੇ ਮੈਨੂੰ ਲੱਗਦੈ ਕਿ ਮੈਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਲਵਾਂਗਾ।  
* ਕੀ ਤੁਹਾਨੂੰ ‘ਅਗਨੀਪਥ’ ਦੇ ਪਹਿਲਾਂ ਤੋਂ ਹੀ ਇਸ ਤਰ੍ਹਾਂ ਸਫਲ ਹੋਣ ਦੀ ਆਸ ਸੀ?
-ਮੈਂ ਅਮਿਤ ਜੀ ਦੀਆਂ ਜਿਨ੍ਹਾਂ ਫ਼ਿਲਮਾਂ ਨੂੰ ਸਭ ਤੋਂ ਜ਼ਿਆਦਾ ਪਸੰਦ ਕਰਦਾ ਹਾਂ, ਉਨ੍ਹਾਂ ’ਚ ‘ਅਗਨੀਪਥ’ ਵੀ ਸ਼ਾਮਲ ਹੈ, ਇਸ ਲਈ ਇਸ ਫ਼ਿਲਮ ਦੀ ਜਦੋਂ ਮੇਰੇ ਕੋਲ ਪੇਸ਼ਕਸ਼ ਆਈ, ਮੈਂ ਇਸ ਨੂੰ ਇਹੀ ਸੋਚ ਕੇ ਮਨਜ਼ੂਰ ਕੀਤਾ ਸੀ ਕਿ ਮੈਂ ਵੀ ਵਿਜੇ ਦੀਨਾਨਾਥ ਚੌਹਾਨ ਵਾਲੇ ਕਿਰਦਾਰ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਾਂਗਾ। ਮੈਂ ਆਪਣੀ ਸੋਚ ਬਾਰੇ ਸ਼ੁਰੂ ਤੋਂ ਹੀ ਪੂਰੀ ਤਰ੍ਹਾਂ ਸੰਤੁਸ਼ਟ ਸੀ। ਮੈਨੂੰ ਪਤਾ ਸੀ ਕਿ ਈਮਾਨਦਾਰੀ ਨਾਲ ਕੀਤਾ ਹੋਇਆ ਕੰਮ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਏਗਾ।
* ਤੁਸੀਂ ਇਕ ਆਰਟ ਕਿਸਮ ਦੀ ਫ਼ਿਲਮ ‘ਪਾਨੀ’ ਕਰ ਰਹੇ ਹੋ। ਤੁਹਾਨੂੰ ਅਜਿਹਾ ਨਹੀਂ ਲੱਗਦਾ ਕਿ ਤੁਹਾਡੇ ਪ੍ਰਸ਼ੰਸਕ ਤੁਹਾਨੂੰ ਇਸ ਤਰ੍ਹਾਂ ਦੀਆਂ ਫ਼ਿਲਮਾਂ ’ਚ ਸਵੀਕਾਰ ਨਹੀਂ ਕਰਨਗੇ?
-ਮੈਨੂੰ ਆਪਣੇ ਪ੍ਰਸ਼ੰਸਕਾਂ ’ਤੇ ਪੂਰਾ ਯਕੀਨ ਹੈ। ਉਹ ਤਾਂ ਬਸ ਮੇਰੇ ਤੋਂ ਚੰਗੇ ਕੰਮ ਦੀ ਆਸ ਰੱਖਦੇ ਹਨ। ਜ਼ਮਾਨਾ ਬਦਲ ਰਿਹੈ। ਅੱਜ ਦੇ ਦਰਸ਼ਕ ਜ਼ਿਆਦਾ ਸਮਝਦਾਰ ਹਨ। ਉਨ੍ਹਾਂ ਦੀ ਸੋਚ ਅਤੇ ਪਸੰਦ ਮੁਤਾਬਕ ਹਿੰਦੀ ਫ਼ਿਲਮ ਦੀ ਕਹਾਣੀ ’ਚ ਵੀ ਤਬਦੀਲੀਆਂ ਆ ਰਹੀਆਂ ਹਨ। ਦਰਸ਼ਕਾਂ ਦੀ ਸੋਚ, ਅਪਰੋਚ ਅਤੇ ਨਵੀਂ ਟੈਕਨਾਲੌਜੀ ਨੇ ਹਿੰਦੀ ਸਿਨੇਮਾ ਦਾ ਫਰੇਮ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਅੱਜ ਫ਼ਿਲਮਾਂ ’ਚ ਕਰੈਕਟਰ ਪਹਿਲਾਂ ਨਾਲੋਂ ਵਧੇਰੇ  ਰੀਅਲਿਸਟਿਕ ਹੋ ਗਏ ਹਨ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਫ਼ਿਲਮ ਨੂੰ ਸ਼ੇਖਰ ਕਪੂਰ ਡਾਇਰੈਕਟ ਕਰਨ ਜਾ ਰਹੇ ਹਨ। ਉਹ ਹਿੰਦੀ ਫ਼ਿਲਮ ਨਗਰੀ ’ਚ ਮੀਲ ਦੇ ਪੱਥਰ ਵਾਂਗ ਹਨ। ਉਨ੍ਹਾਂ ਦੇ ਟੈਲੇਂਟ ’ਤੇ ਕਿਸੇ ਕਿਸਮ ਦਾ ਸ਼ੱਕ ਕਰਨਾ ਸਿਰਫ ਬੇਵਕੂਫੀ ਹੋਵੇਗੀ।
* ਤੁਸੀਂ ਬਾਹਰ ਦੀਆਂ ਫ਼ਿਲਮਾਂ ’ਚ ਉਹੋ ਜਿਹਾ ਰੰਗ ਨਹੀਂ ਜਮਾ ਸਕੇ, ਜਿਹੋ ਜਿਹਾ ਤੁਸੀਂ ਹੋਮ ਪ੍ਰੋਡਕਸ਼ਨ ਦੀਆਂ ਫ਼ਿਲਮਾਂ ’ਚ ਜਮਾਇਆ ਪਰ ‘ਜੋਧਾ ਅਕਬਰ’ ਅਤੇ ‘ਅਗਨੀਪਥ’ ਦੀ ਸਫਲਤਾ ਤੋਂ ਬਾਅਦ ਕੀ  ਤੁਹਾਡੇ ਤੋਂ ਆਸ ਕੀਤੀ ਜਾ ਸਕਦੀ ਹੈ ਕਿ ਹੁਣ ਤੁਹਾਡੀਆਂ ਬਾਹਰ ਦੀਆਂ ਫ਼ਿਲਮਾਂ ਵੀ ਚੰਗਾ ਪ੍ਰਦਰਸ਼ਨ ਕਰਨਗੀਆਂ?
-ਹੋ ਸਕਦੈ ਕਿ ਮੈਨੂੰ ਕਹਾਣੀ ਦੀ ਜ਼ਿਆਦਾ ਸਮਝ ਨਾ ਹੋਵੇ ਅਤੇ ਬਿਹਤਰ ਫ਼ਿਲਮਾਂ ਚੁਣਨੀਆਂ ਮੈਨੂੰ ਨਾ ਆਉਂਦੀਆਂ ਹੋਣ ਪਰ ਜੋ ਕਹਾਣੀ ਮੇਰੇ ਦਿਲ ਨੂੰ ਛੂਹ ਜਾਂਦੀ ਹੈ, ਮੈਂ ਉਸ ਲਈ ਤੁਰੰਤ ਹਾਂ ਕਰ ਦਿੰਦਾ ਹਾਂ। ਜਿਸ ਲਈ ਬਹੁਤਾ ਸੋਚਣ ਦੀ ਲੋੜ ਪਵੇ, ਮੈਂ ਉਹ ਫ਼ਿਲਮ ਕਰਦਾ ਹੀ ਨਹੀਂ। ਹਾਂ, ਜੇ ਗੱਲ ਹੋਮ ਪ੍ਰੋਡਕਸ਼ਨ ਅਤੇ ਬਾਹਰ ਦੀਆਂ ਫ਼ਿਲਮਾਂ ਵਿਚਾਲੇ ਤੁਲਨਾ ਦੀ ਕੀਤੀ ਜਾਵੇ ਤਾਂ ਮੈਨੂੰ ਖੁਦ ਹੀ ਹੈਰਾਨੀ ਹੁੰਦੀ ਹੈ ਕਿ ਬਾਹਰ ਦੀਆਂ ਫ਼ਿਲਮਾਂ ਓਨੀਆਂ ਕਿਉਂ ਨਹੀਂ ਚੱਲਦੀਆਂ, ਜਿੰਨੀਆਂ ਹੋਮ ਪ੍ਰੋਡਕਸ਼ਨ ਦੀਆਂ ਫ਼ਿਲਮਾਂ ਚੱਲਦੀਆਂ ਹਨ। ਮੇਰੇ ਡੈਡੀ ਆਪਣੀ ਫ਼ਿਲਮ ਲਈ ਦਿਨ-ਰਾਤ ਪੂਰੀ ਡੈਡੀਕੇਸ਼ਨ ਅਤੇ ਵੈ¤ਲ ਪਲਾਨਿੰਗ ਨਾਲ ਕੰਮ ਕਰਦੇ ਹਨ, ਸ਼ਾਇਦ ਇਹ ਵੀ ਇਕ ਕਾਰਨ ਹੋਵੇ।
* ਤਾਂ ਤੁਹਾਡੇ ਕਹਿਣ ਦਾ ਅਰਥ ਹੈ ਕਿ ਬਾਹਰ ਦੇ ਮੇਕਰ ਆਪਣੀਆਂ ਫ਼ਿਲਮਾਂ ਲਈ ਉਸ ਤਰ੍ਹਾਂ ਦੀ ਸਮਰਪਣ ਭਾਵਨਾ ਨਹੀਂ ਰੱਖਦੇ, ਜਿਸ ਤਰ੍ਹਾਂ ਦੀ ਭਾਵਨਾ ਤੁਹਾਡੇ ਡੈਡੀ ਰਾਕੇਸ਼ ਰੋਸ਼ਨ ਰੱਖਦੇ ਹਨ?
-ਨਹੀਂ, ਮੇਰੇ ਕਹਿਣ ਦਾ ਮਤਲਬ ਇਹ ਬਿਲਕੁੱਲ ਵੀ ਨਹੀਂ ਹੈ। ਜੇ ਅਜਿਹਾ ਹੁੰਦਾ ਤਾਂ ਮੈਂ ਬਾਹਰ ਦੀਆਂ ਜਿਨ੍ਹਾਂ ਫ਼ਿਲਮਾਂ ’ਚ ਕੰਮ ਕੀਤਾ, ਉਨ੍ਹਾਂ ’ਚੋਂ ਕੁਝ ਫ਼ਿਲਮਾਂ ਹਿੱਟ ਕਿਉਂ ਹੁੰਦੀਆਂ?