ਕਣਕ ਦਾ ਸਮਰਥਨ ਮੁੱਲ 1750, ਛੋਲਿਆਂ ਦਾ 2990 ਅਤੇ ਸਰ੍ਹੋਂ ਦਾ 2805 ਰੁਪਏ ਦੀ ਮੰਗ  
ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸੂਬੇ ਦੇ ਖੇਤੀਬਾੜੀ ਵਿਭਾਗ ਦੀਆਂ ਸਿਫਾਰਸ਼ਾਂ ਨੂੰ ਪ੍ਰਵਾਨਗੀ ਦਿੰਦਿਆਂ ਕੇਂਦਰ ਸਰਕਾਰ ਪਾਸੋਂ ਹਾੜ੍ਹੀ ਦੀ ਰੁੱਤ 2012-13 ਦੀਆਂ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਖੇਤੀ ਲਾਗਤਾਂ ਅਨੁਸਾਰ ਤੈਅ ਕਰਨ ਦੀ ਮੰਗ ਕੀਤੀ ਹੈ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਬਾਦਲ ਨੇ ਇਸ ਸਬੰਧੀ ਫਾਈਲ ਨੂੰ ਪ੍ਰਵਾਨਗੀ ਦਿੰਦਿਆਂ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਨੂੰ ਖੇਤੀ ਲਾਗਤਾਂ ਤੇ ਕੀਮਤਾਂ ਬਾਰੇ ਕਮਿਸ਼ਨ (ਸੀ.ਏ.ਸੀ.ਪੀ.) ਦੇ ਮੈਂਬਰ ਸਕੱਤਰ ਨੂੰ ਇਸ ਬਾਰੇ ਪੱਤਰ ਲਿਖਣ ਲਈ ਹਦਾਇਤ ਕੀਤੀ ਤਾਂ ਜੋ ਹਾੜ੍ਹੀ ਦੇ ਸੀਜ਼ਨ 2012-13 ਦੀਆਂ ਫਸਲਾਂ ਦੇ ਮੰਡੀਕਰਨ ਦੀ ਪ੍ਰਕ੍ਰਿਆ ਸੁਖਾਲੀ ਕੀਤੀ ਜਾ ਸਕੇ।
ਬੁਲਾਰੇ ਨੇ ਅੱਗੇ ਕਿਹਾ ਕਿ ਕਣਕ ਲਈ ਪ੍ਰਸਤਾਵਿਤ ਮੁੱਲ ਤੈਅ ਕਰਨ ਵਾਸਤੇ ਖੇਤੀ ਲਾਗਤਾਂ ਜਿਨ੍ਹਾਂ ਵਿਚ ਬੀਜ, ਖਾਦਾਂ, ਕੀਟਨਾਸ਼ਕਾਂ, ਸਿੰਜਾਈ ਅਤੇ ਕਿਰਤ ਨੂੰ ਧਿਆਨ ਵਿਚ ਰੱਖਣ ਦੇ ਨਾਲ -ਨਾਲ ਮੌਸਮੀ ਖਤਰੇ ਅਤੇ ਮੰਡੀਕਰਨ ਖਰਚੇ ਵੀ ਵਿਚਾਰੇ ਗਏ ਹਨ। ਕਣਕ ਦੀ ਅਗਲੇ ਵਰ੍ਹੇ ਆਉਣ ਵਾਲੀ ਫਸਲ ਦੇ ਘੱਟੋ-ਘੱਟ ਸਮਰਥਨ ਮੁੱਲ  ਵਿਚ ਵਾਧੇ 'ਤੇ ਜ਼ੋਰ ਦਿੰਦਿਆਂ ਬੁਲਾਰੇ ਨੇ ਅੱਗੇ ਕਿਹਾ ਕਿ ਇਨ੍ਹਾਂ ਸਾਰੇ ਪੱਖਾਂ ਨੂੰ ਧਿਆਨ ਵਿਚ ਰੱਖਦਿਆਂ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 1750 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਜਾਵੇ। ਬੁਲਾਰੇ ਨੇ ਨਾਲ ਹੀ ਕਿਹਾ ਕਿ ਭਾਰਤ ਸਰਕਾਰ ਜੌਂ, ਛੋਲੇ ਅਤੇ ਸਰੋਂ ਦੇ ਘੱਟੋ-ਘੱਟ ਸਮਰਥਨ ਭਾਅ ਨੂੰ ਵੀ ਕ੍ਰਮਵਾਰ 1493, 2990 ਤੇ 2805 ਰੁਪਏ ਪ੍ਰਤੀ ਕੁਇੰਟਲ ਤੈਅ ਕਰੇ।