ਮੋਹਾਲੀ (ਨਿਆਮੀਆਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਅੱਜ ਕਰ ਦਿੱਤਾ ਗਿਆ। ਇਸ ਵਾਰ 12ਵੀਂ ਜਮਾਤ ਦਾ ਨਤੀਜਾ 73.23 ਫੀਸਦੀ ਰਿਹਾ ਹੈ ਜੋ ਕਿ ਪਿਛਲੇ ਸਾਲ 69.07 ਫੀਸਦੀ ਸੀ। ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅੱਜ ਬੋਰਡ ਦੇ ਨਵਨਿਯੁਕਤ ਚੇਅਰਮੈਨ ਤੇ ਆਈ.ਏ.ਐੱਸ. ਅਫਸਰ ਐੱਸ.ਐੱਸ. ਚੰਨੀ, ਵਾਈਸ ਚੇਅਰਮੈਨ ਡਾ. ਸੁਰੇਸ਼ ਕੁਮਾਰ ਟੰਡਨ ਅਤੇ ਸਕੱਤਰ ਪ੍ਰੋ. ਬਲਵਿੰਦਰ ਸਿੰਘ ਦੀ ਮੌਜੂਦਗੀ ਇਸ ਨਤੀਜੇ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਮੈਰਿਟ ਸੂਚੀ ਜਾਰੀ ਕੀਤੀ ਗਈ ਹੈ, ਜਦਕਿ ਬਾਕੀ ਦੇ ਸਾਰੇ ਰੈਗੂਲਰ ਪ੍ਰੀਖਿਆਰਥੀਆਂ ਦੇ ਪੂਰੇ ਵੇਰਵੇ, ਮੈਰਿਟ ਸੂਚੀ ਅਤੇ ਹੋਰ ਸਭ ਜਾਣਕਾਰੀ ਭਲਕੇ 8 ਜੂਨ ਨੂੰ ਸਵੇਰੇ 8 ਵਜੇ ਤੋਂ ਸਿੱਖਿਆ ਬੋਰਡ ਦੀ ਵੈਬਸਾਈਟ 'ਤੇ ਮੁਹੱਈਆ ਹੋਵੇਗੀ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਸਨਮਤੀ ਵਿਮਲ ਜੈਨ ਸੀ. ਸੈ. ਪਬਲਿਕ ਸਕੂਲ ਜਗਰਾਓਂ (ਲੁਧਿਆਣਾ) ਦੀ ਵਿਦਿਆਰਥਣ ਪਾਰੁਲ ਗੁਪਤਾ ਰੋਲ ਨੰਬਰ 2112068618 ਪੂਰੇ ਪੰਜਾਬ ਭਰ ਵਿਚੋਂ 12ਵੀਂ ਜਮਾਤ ਵਿਚੋਂ ਅੱਵਲ ਰਹੀ ਹੈ। ਉਸ ਨੇ ਕੁੱਲ 1000 ਵਿਚੋਂ 945 ਅੰਕ ਪ੍ਰਾਪਤ ਕੀਤੇ ਹਨ ਜਦਕਿ ਦੂਜਾ ਸਥਾਨ ਵੀ ਲੁਧਿਆਣਾ ਦੀ ਝੋਲੀ ਵਿਚ ਪਿਆ ਹੈ ਤੇ ਉਥੋਂ ਦੇ ਬੀ. ਸੀ. ਐੱਮ. ਸੀ.ਸੈ. ਸਕੂਲ ਫੋਕਲ ਪੁਆਇੰਟ ਲੁਧਿਆਣਾ ਦੀ ਰਿਸ਼ੂ ਰੋਲ ਨੰਬਰ 2112425830 ਨੇ 939 ਅੰਕ ਹਾਸਲ ਕੀਤੇ ਹਨ। ਤੀਜੇ ਸਥਾਨ 'ਤੇ ਦੋ ਵਿਦਿਆਰਥਣਾਂ ਸਾਂਝੇ ਤੌਰ 'ਤੇ ਆਈਆਂ ਹਨ ਜਿਨ੍ਹਾਂ ਵਿਚੋਂ ਇਕ ਡੀ.ਏ.ਵੀ. ਪਬਲਿਕ ਸੀ.ਸੈ. ਸਕੂਲ ਰੋਪੜ ਦੀ ਮਨਪ੍ਰੀਤ ਕੌਰ ਰੋਲ ਨੰਬਰ 2112222036 ਅਤੇ ਦੂਜੀ ਬੀ.ਸੀ.ਐੱਮ. ਸੀ.ਸੈ. ਸਕੂਲ ਫੋਕਲ ਪੁਆਇੰਟ ਲੁਧਿਆਣਾ ਦੀ ਨੀਸ਼ੂ ਬੇਦੀ ਰੋਲ ਨੰਬਰ 2112425832 ਹੈ, ਇਨ੍ਹਾਂ ਦੋਵਾਂ ਨੇ 938 ਅੰਕ ਹਾਸਲ ਕੀਤੇ ਹਨ।
ਬੀ.ਸੀ.ਐੱਮ. ਸੀ.ਸੈ. ਸਕੂਲ ਫੋਕਲ ਪੁਆਇੰਟ ਲੁਧਿਆਣਾ ਦੀ ਮੀਨਾਕਸ਼ੀ ਰਾਵਤ ਰੋਲ ਨੰਬਰ 2212425815 ਨੇ 937 ਅੰਕ ਪ੍ਰਾਪਤ ਕਰਕੇ ਚੌਥਾ ਰੈਂਕ ਹਾਸਲ ਕੀਤਾ ਹੈ। ਸਰਕਾਰੀ ਸੀ.ਸੈ. ਸਕੂਲ ਪੀ.ਏ.ਯੂ. ਲੁਧਿਆਣਾ ਦੇ ਸਤਨਾਮ ਦਾਸ ਜਾਂਗੜਾ ਰੋਲ ਨੰਬਰ 2212070557, ਦਸਮੇਸ਼ ਸੀ.ਸੈ. ਸਕੂਲ ਦਸਮੇਸ਼ ਨਗਰ ਲੁਧਿਆਣਾ ਦੀ ਅਨੀਤਾ ਰਾਣੀ ਰੋਲ ਨੰਬਰ 2212192404 ਅਤੇ ਬੀ.ਸੀ.ਐੱਮ. ਸੀ.ਸੈ. ਸਕੂਲ ਫੋਕਲ ਪੁਆਇੰਟ ਲੁਧਿਆਣਾ ਦੀ ਗੁਰਮੀਤ ਕੌਰ ਰੋਲ ਨੰਬਰ 2212193430 ਨੇ 934 ਅੰਕ ਹਾਸਲ ਕਰਕੇ ਪੰਜਾਬ ਵਿਚੋਂ 5ਵਾਂ ਰੈਂਕ ਪ੍ਰਾਪਤ ਕੀਤਾ ਹੈ। ਬੀ.ਸੀ.ਐੱਮ. ਸੀ.ਸੈ. ਸਕੂਲ ਫੋਕਲ ਪੁਆਇੰਟ ਲੁਧਿਆਣਾ ਦੀ ਅਮਨਪ੍ਰੀਤ ਕੌਰ ਰੋਲ ਨੰਬਰ 2212193431, ਇਸੇ ਸਕੂਲ ਦੀ ਸੁਜਾਤਾ ਰੋਲ ਨੰਬਰ 2212425827 ਨੇ 933 ਅੰਕ ਲੈ ਕੇ ਛੇਵਾਂ ਤੇ ਇਸੇ ਸਕੂਲ ਦੀ ਜੋਤੀ ਗੋਇਲ ਰੋਲ ਨੰਬਰ 2212425816 ਨੇ 932 ਅੰਕ ਲੈ ਕੇ ਪੰਜਾਬ ਭਰ ਵਿਚੋਂ ਸੱਤਵਾਂ ਰੈਂਕ ਹਾਸਲ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਵਾਰ 3 ਲੱਖ 5 ਹਜ਼ਾਰ 364 ਪ੍ਰੀਖਿਆਰਥੀ ਰੈਗੂਲਰ ਤੌਰ 'ਤੇ ਇਸ ਪ੍ਰੀਖਿਆ ਵਿਚ ਅਪੀਅਰ ਹੋਏ ਜਿਨ੍ਹਾਂ ਵਿਚੋਂ 2 ਲੱਖ 23 ਹਜ਼ਾਰ 627 ਪਾਸ ਹੋਣ ਵਿਚ ਸਫਲ ਰਹੇ। ਉਨ੍ਹਾਂ ਦੱਸਿਆ ਕਿ ਹਿਊਮੈਨਟੀਜ਼ ਗਰੁੱਪ ਵਿਚ 2 ਲੱਖ 37 ਹਜ਼ਾਰ 298 ਪ੍ਰੀਖਿਆਰਥੀ ਇਸ ਪ੍ਰੀਖਿਆ ਵਿਚ ਬੈਠੇ ਜਿਨ੍ਹਾਂ ਵਿਚੋਂ 1 ਲੱਖ 67 ਹਜ਼ਾਰ 741 ਪ੍ਰੀਖਿਆਰਥੀ ਪਾਸ ਹੋਏ। ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 70.69 ਫੀਸਦੀ ਰਹੀ ਹੈ। ਸਾਇੰਸ ਗਰੁੱਪ ਵਿਚ 37 ਹਜ਼ਾਰ 637 ਪ੍ਰੀਖਿਆਰਥੀ ਪ੍ਰੀਖਿਆ ਵਿਚ ਬੈਠੇ, ਜਿਨ੍ਹਾਂ ਵਿਚੋਂ 30 ਹਜ਼ਾਰ 126 ਪ੍ਰੀਖਿਆਰਥੀ ਪਾਸ ਹੋਏ। ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 80.04 ਫੀਸਦੀ ਰਹੀ ਹੈ। ਕਾਮਰਸ ਗਰੁੱਪ ਵਿਚ 22 ਹਜ਼ਾਰ 405 ਪ੍ਰੀਖਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿਚੋਂ 89.78 ਫੀਸਦੀ ਦੀ ਦਰ ਨਾਲ 20 ਹਜ਼ਾਰ 116 ਪ੍ਰੀਖਿਆਰਥੀ ਪਾਸ ਹੋਏ।
ਵੋਕੇਸ਼ਨਲ ਗਰੁੱਪ ਵਿਚ 8 ਹਜ਼ਾਰ 24 ਪ੍ਰੀਖਿਆਰਥੀ ਇਸ ਪ੍ਰੀਖਿਆ ਵਿਚ ਬੈਠੇ, ਜਿਨ੍ਹਾਂ ਵਿਚੋਂ 70.34 ਫੀਸਦੀ ਦੀ ਦਰ ਨਾਲ 5644 ਪ੍ਰੀਖਿਆਰਥੀ ਪਾਸ ਹੋਏ। ਉਨ੍ਹਾਂ ਦੱਸਿਆ ਕਿ ਸਾਲ 2010 ਵਿਚ ਬੱਚੇ ਪ੍ਰਾਈਵੇਟ ਤੌਰ ਵੀ ਪ੍ਰੀਖਿਆ ਦੇ ਸਕਦੇ ਸਨ ਅਤੇ ਰੈਗੂਲਰ ਵੀ, ਪਰ ਸਾਲ 2011 ਤੋਂ ਪ੍ਰਾਈਵੇਟ ਤੌਰ 'ਤੇ ਪ੍ਰੀਖਿਆ ਦੇਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। 2010 ਵਿਚ ਬੋਰਡ ਦਾ ਨਤੀਜਾ 64.69 ਫੀਸਦੀ, 2011 ਵਿਚ 69.07 ਫੀਸਦੀ ਅਤੇ ਇਸ ਵਾਰ ਨਤੀਜੇ ਵਿਚ ਲਗਾਤਾਰ ਸੁਧਾਰ ਹੋਇਆ ਅਤੇ ਇਹ ਨਤੀਜਾ 73.23 ਫੀਸਦੀ ਰਿਹਾ। ਉਨ੍ਹਾਂ ਦੱਸਿਆ ਕਿ ਇਸ ਵਾਰ ਵੀ ਮੁੰਡਿਆਂ ਨਾਲ ਕੁੜੀਆਂ ਮੋਹਰੀ ਰਹੀਆਂ ਹਨ। 1 ਲੱਖ 43 ਹਜ਼ਾਰ 947 ਕੁੜੀਆਂ ਨੇ ਇਹ ਪ੍ਰੀਖਿਆ ਦਿੱਤੀ ਜਿਸ ਵਿਚੋਂ 1 ਲੱਖ 13 ਹਜ਼ਾਰ 289 ਪਾਸ ਹੋਈਆਂ ਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 78.70 ਰਹੀ। ਉਧਰ ਇਸ ਪ੍ਰੀਖਿਆ ਵਿਚ ਬੈਠਣ ਵਾਲੇ ਮੁੰਡਿਆਂ ਦੀ ਗਿਣਤੀ 1 ਲੱਖ 61 ਹਜ਼ਾਰ 417 ਰਹੀਂ ਜਿਸ ਵਿਚ 1 ਲੱਖ 10 ਹਜ਼ਾਰ 338 ਪਾਸ ਹੋਏ। ਮੁੰਡਿਆਂ ਦੀ ਪਾਸ ਪ੍ਰਤੀਸ਼ਤਤਾ 68.36 ਫੀਸਦੀ ਰਹੀ।