ਮੋਹਾਲੀ, (ਪਰਦੀਪ ਹੈਪੀ)- ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਤੇ ਕਿਸਾਨੀ ਦਾ ਸਾਡੇ ਪੰਜਾਬ ਦੀ ਆਰਥਿਕਤਾ ਅਤੇ ਖੁਸ਼ਹਾਲੀ ਲਈ ਰੀੜ੍ਹ ਦੀ ਹੱਡੀ ਵਾਂਗ ਅਹਿਮ ਰੋਲ ਹੈ। ਸੂਬੇ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਫਾਇਦਾ ਪਹੁੰਚੇ ਇਸ ਲਈ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਅਹਿਮ ਰੋਲ ਅਦਾ ਕਰ ਰਿਹਾ ਹੈ, ਜਿਸ ਲਈ ਸਹਿਕਾਰਤਾ ਮਹਿਕਮੇ ਦਾ ਵਿਸ਼ੇਸ਼ ਯੋਗਦਾਨ ਹੈ। ਇਹ ਗੱਲ ਅੱਜ ਸਹਿਕਾਰੀ ਵਿਕਾਸ ਬੈਂਕ ਦੇ ਸਾਲਾਨਾ ਆਮ ਇਜਲਾਸ ਨੂੰ ਸੰਬੋਧਨ ਕਰਦਿਆਂ ਇਸਤਰੀ ਅਕਾਲੀ ਦਲ ਪੰਜਾਬ ਦੀ ਜਨਰਲ ਸਕੱਤਰ ਅਤੇ ਜ਼ਿਲਾ ਮੋਹਾਲੀ ਦੀ ਇੰਚਾਰਜ ਅਮਨਜੋਤ ਕੌਰ ਰਾਮੂੰਵਾਲੀਆ ਨੇ ਆਖੀ। ਬੀਬੀ ਰਾਮੂੰਵਾਲੀਆ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਨ ਅਤੇ ਮੋਹਾਲੀ ਤੇ ਖਰੜ ਜ਼ੋਨ ਦੇ ਲਗਭਗ 200 ਪਿੰਡਾਂ ਦੇ ਕਿਸਾਨਾਂ ਵਲੋਂ ਸਮਾਗਮ ਵਿਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਬੋਲਦਿਆਂ ਬੀਬੀ ਰਾਮੂੰਵਾਲੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਕਿਸਾਨਾਂ ਦੇ ਹਿੱਤਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਘਰ-ਘਰ ਪਹੁੰਚਾਉਣ ਲਈ ਸਮੂਹ ਬੈਂਕ ਦੇ ਸਾਰੇ ਡਾਇਰੈਕਟਰਾਂ ਨੂੰ ਹੋਰ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਪੰਜਾਬ ਦਾ ਕਿਸਾਨ ਹੋਰ ਖੁਸ਼ਹਾਲ ਹੋ ਸਕੇ। ਬੀਬੀ ਰਾਮੂੰਵਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਦੀ ਬਿਹਤਰੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਸਰਕਾਰ ਵਲੋਂ ਕਿਸਾਨਾਂ ਦੀ ਭਲਾਈ ਲਈ ਵਿਸ਼ੇਸ਼ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸੂਬੇ ਦਾ ਕਿਸਾਨ ਖੁਸ਼ਹਾਲ ਹੋਵੇਗਾ ਤਾਂ ਹੀ ਪੂਰਾ ਸੂਬਾ ਖੁਸ਼ਹਾਲ ਹੋਵੇਗਾ। ਇਸ ਤੋਂ ਪਹਿਲਾਂ ਸਮਾਗਮ ਦੌਰਾਨ ਬੈਂਕ ਦੇ ਡਾਇਰੈਕਟਰਾਂ ਤੇ ਮੈਂਬਰਾਂ ਨੇ ਬੈਂਕ ਦੇ ਵਿਕਾਸ ਤੇ ਕਿਸਾਨਾਂ ਪ੍ਰਤੀ ਸਕੀਮਾਂ ਬਾਰੇ ਵਿਸਥਾਰ 'ਚ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਬੈਂਕ ਦੀਆਂ ਲਾਹੇਵੰਦ ਸਕੀਮਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ। ਇਸ ਮੌਕੇ ਬੈਂਕ ਦੇ ਚੇਅਰਮੈਨ, ਡਾਇਰੈਕਟਰਾਂ ਤੇ ਸਟਾਫ ਵਲੋਂ ਬੀਬੀ ਰਾਮੂੰਵਾਲੀਆ ਤੇ ਰਮਨਦੀਪ ਸਿੰਘ ਭਰੋਵਾਲ ਜਨਰਲ ਸਕੱਤਰ ਸ਼੍ਰਮਣੀ ਅਕਾਲੀ ਦਲ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਮਨਮੋਹਨ ਸਿੰਘ ਸੋਹਾਣਾ, ਵਾਈਸ ਚੇਅਰਮੈਨ ਜਸਵੀਰ ਸਿੰਘ ਘੋਗਾ, ਕਰਨੈਲ ਸਿੰਘ ਮੌਲੀ, ਪ੍ਰਿਤਪਾਲ ਸਿੰਘ ਕੁਰੜੀ, ਪਾਲ ਸਿੰਘ ਮੌਲੀ, ਗੁਰਬਚਨ ਸਿਘ ਰਡਿਆਲਾ, ਰਣਜੀਤ ਸਿੰਘ ਸਕਰੂਲਪੁਰ, ਪ੍ਰੇਮ ਸਿੰਘ ਰਡਿਆਲਾ (ਸਾਰੇ ਡਾਇਰੈਕਟਰ), ਲੇਬਰਫੈੱਡ ਪੰਜਾਬ ਦੇ ਡਾਇਰੈਕਟਰ ਪਰਵਿੰਦਰ ਸਿੰਘ ਸੋਹਾਣਾ ਸਰਪੰਚ ਪਿੰਡ ਸੋਹਾਣਾ, ਜਸਵਿੰਦਰ ਸਿੰਘ ਭੱਟੀ ਮੈਨੇਜਰ, ਕਿਸਾਨ ਆਗੂ ਮੇਹਰ ਸਿੰਘ ਖੇੜੀ, ਬਲਾਕ ਸੰਮਤੀ ਮੈਂਬਰ ਜਸਵੀਰ ਸਿੰਘ ਕੁਰੜਾ, ਕਿਸਾਨ ਆਗੂ ਰਵਿੰਦਰ ਸਿੰਘ ਦੇਹ ਕਲਾਂ ਆਦਿ ਵੀ ਹਾਜ਼ਰ ਸਨ।