ਬਟਾਲਾ, (ਸੈਂਡੀ/ਕਲਸੀ/ਬੇਰੀ)- ਅੱਜ ਬਾਅਦ ਦੁਪਹਿਰ ਮਾਨਵ ਰਹਿਤ ਰੇਲਵੇ ਫਾਟਕ 'ਤੇ ਰੇਲ ਗੱਡੀ ਤੇ ਕਾਰ ਦੀ ਟੱਕਰ ਵਿਚ ਪੰਜਾਬ ਪੁਲਸ ਦੇ ਏ. ਐੱਸ. ਆਈ. ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਗੁਰਜਸਵੰਤ ਸਿੰਘ ਪੁੱਤਰ ਗੁਰਮੇਜ਼ ਸਿੰਘ ਵਾਸੀ ਬਟਾਲਾ ਜੋ ਕਿ ਬਤੌਰ ਏ. ਐੱਸ. ਆਈ. ਥਾਣਾ ਸੇਖਵਾਂ ਵਿਖੇ ਤਾਇਨਾਤ ਹੈ, ਅੱਜ ਡਿਊਟੀ ਦੌਰਾਨ ਆਪਣੀ ਨਿੱਜੀ ਕਾਰ ਵਿਚ ਸੇਖਵਾਂ ਤੋਂ ਕਾਦੀਆਂ ਵੱਲ ਜਾ ਰਿਹਾ ਸੀ ਕਿ ਜਦੋਂ ਉਹ ਕਾਦੀਆਂ ਨਜ਼ਦੀਕ ਡੀ. ਏ. ਵੀ. ਸਕੂਲ ਕੋਲ ਸਥਿਤ ਮਾਨਵ ਰਹਿਤ ਫਾਟਕ ਕ੍ਰਾਸ ਕਰਨ ਲੱਗਾ ਤਾਂ ਅਚਾਨਕ ਕਾਦੀਆਂ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਡੀ. ਐੱਮ. ਯੂ. ਗੱਡੀ ਆ ਗਈ ਅਤੇ ਕਾਰ ਉਕਤ ਰੇਲ ਗੱਡੀ ਨਾਲ ਟਕਰਾ ਗਈ। ਇਸ ਹਾਦਸੇ 'ਚ ਕਾਰ ਤਾਂ ਚਕਨਾਚੂਰ ਹੋ ਗਈ ਤੇ ਨਾਲ ਹੀ ਕਾਰ ਵਿਚ ਸਵਾਰ ਏ. ਐੱਸ. ਆਈ. ਗੰਭੀਰ ਰੂਪ ਜ਼ਖਮੀ ਹੋ ਗਿਆ, ਜਿਸਨੂੰ ਉਥੋਂ ਲੰਘ ਰਹੇ ਬਟਾਲਾ ਦੇ ਗੁਰਪ੍ਰਤਾਪ ਸਿੰਘ ਕਾਹਲੋਂ ਨੇ ਤੁਰੰਤ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਲੈ ਆਂਦਾ। ਇਸ ਸਬੰਧੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਬਟਾਲਾ ਜੀ. ਆਰ. ਪੀ. ਪੁਲਸ ਦੇ ਏ. ਐੱਸ. ਆਈ. ਕੁਸ਼ਵੰਤ ਸਿੰਘ ਆਪਣੇ ਸਾਥੀਆਂ ਸਮੇਤ ਘਟਨਾ ਵਾਲੀ ਜਗ੍ਹਾ ਤੇ ਪੁੱਜੇ ਅਤੇ ਕਾਰ ਨੂੰ ਰੇਲ ਲਾਈਨ ਤੋਂ ਹਟਾ ਕੇ ਆਵਾਜਾਈ ਬਹਾਲ ਕੀਤੀ।