ਮੋਗਾ,(ਅਕਾਲੀਆਂ ਵਾਲਾ)- ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਅੱਜ ਇਥੇ ਵਰਕਸ਼ਾਪ ਦੇ ਗੇਟ ਅੱਗੇ ਗੇਟ ਰੈਲੀ ਕੀਤੀ ਗਈ। ਗੇਟ ਰੈਲੀ ਨੂੰ ਸੰਬੋਧਨ ਕਰਦਿਆਂ    ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਦੇ ਸੂਬਾਈ ਮੀਤ ਪ੍ਰਧਾਨ ਦਰਸ਼ਨ ਸਿੰਘ ਟੂਟੀ, ਬ੍ਰਾਂਚ ਦੇ ਪ੍ਰਧਾਨ ਬਚਿੱਤਰ ਸਿੰਘ ਧੋਥੜ, ਸੀ. ਮੀਤ ਪ੍ਰਧਾਨ ਇੰਦਰਜੀਤ ਸਿੰਘ ਭਿੰਡਰ ਨੇ ਕਿਹਾ ਕਿ ਟਰਾਂਸਪੋਰਟ ਦੇ ਉੱਚ ਅਧਿਕਾਰੀਆਂ ਤੇ ਸਰਕਾਰ ਵਲੋਂ ਰੋਡਵੇਜ਼ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਜਿਸ ਦੇ ਰੋਸ ਕਾਰਨ ਰੋਡਵੇਜ਼ ਪਨਬੱਸ ਮੁਲਾਜ਼ਮਾਂ ਵਲੋਂ 26 ਜੂਨ ਨੂੰ  ਫਿਰ ਗੇਟ ਰੈਲੀ ਤੇ 29 ਜੂਨ ਨੂੰ ਟਰਾਂਸਪੋਰਟ ਮੰਤਰੀ ਦੇ ਹਲਕੇ ਸ਼ਾਹਕੋਟ ਵਿਖੇ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਡਵੇਜ਼ ਦੇ ਦਫ਼ਤਰ ਵਲੋਂ ਠੇਕੇ ਵਾਲੇ ਮੁਲਾਜ਼ਮਾਂ ਦਾ 12 ਹਜ਼ਾਰ ਤੋਂ 13 ਹਜ਼ਾਰ ਰੁਪਈਆ ਪ੍ਰਤੀ ਵਰਕਰ ਕੱਟ ਕੇ ਠੇਕੇਦਾਰ ਨੂੰ ਦਿੱਤਾ ਜਾ ਰਿਹਾ ਹੈ। ਪ੍ਰੰਤੂ ਠੇਕੇਦਾਰ ਵਲੋਂ ਮੁਲਾਜ਼ਮਾਂ ਨੂੰ ਮੋੜਵਾਂ ਸਿਰਫ਼ 5 ਹਜ਼ਾਰ ਜਾਂ 6500 ਰੁਪਈਆ ਹੀ  ਦਿੱਤਾ ਜਾ ਰਿਹਾ ਹੈ। ਐਕਸ਼ਨ ਕਮੇਟੀ ਮੰਗ ਕਰਦੀ ਹੈ ਬਾਕੀ ਦਾ 4 ਜਾਂ 5 ਹਜ਼ਾਰ ਰੁਪਈਆਂ ਦਾ ਹਿਸਾਬ ਦਿੱਤਾ ਜਾਵੇ ਤੇ ਇਸ ਦੀ ਉੱਚ ਪੱਧਰੀ ਜਾਂਚ ਹੋਈ ਚਾਹੀਦੀ ਹੈ। ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਠੇਕੇਦਾਰ ਨੂੰ ਬਾਹਰ ਕੱਢ ਕੇ ਮਹਿਕਮਾ ਹੀ ਇਨ੍ਹਾਂ ਠੇਕੇ ਵਾਲੇ ਮੁਲਾਜ਼ਮਾਂ ਨਾਲ ਸਿੱਧਾ ਕੰਟਰੈਕਟ ਕਰੇ ਤੇ ਇਨ੍ਹਾਂ ਨੂੰ ਇਨ੍ਹਾਂ ਦੀ ਬਣਦੀ ਉਚਿਤ ਤਨਖ਼ਾਹ ਡਰਾਈਵਰ ਸਟਾਫ਼ ਨੂੰ 12000 ਰੁ. ਪ੍ਰਤੀ ਮਹੀਨਾ, ਕੰਡਕਟਰ ਤੇ ਵਰਕਸ਼ਾਪ ਸਟਾਫ਼ ਨੂੰ 10,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦੇਵੇ ਤੇ ਸਾਫ਼ ਸੁਥਰੇ ਰਿਕਾਰਡ ਵਾਲੇ ਕਰਮਚਾਰੀਆਂ ਨੂੰ ਰੈਗੂਲਰ ਕਰਕੇ ਰੈਗੂਲਰ ਮੁਲਾਜ਼ਮਾਂ ਵਾਂਗ ਸਕੇਲ ਦਿੱਤਾ ਜਾਵੇ। ਇਨ੍ਹਾਂ ਸਾਰੀਆਂ ਮੰਗਾਂ ਨੂੰ ਮੁੱਖ ਮੰਤਰੀ ਵਲੋਂ 29 ਨਵੰਬਰ 2009 ਨੂੰ ਐਕਸ਼ਨ ਕਮੇਟੀ ਨਾਲ ਸਮਝੌਤਾ ਕਰਕੇ ਲਾਗੂ ਕਰਨ ਦਾ ਭਰੋਸਾ ਦੁਆਇਆ ਸੀ। ਪ੍ਰੰਤੂ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਕੋਈ ਮੰਗ 'ਤੇ ਅਮਲ ਨਹੀਂ ਕੀਤਾ ਗਿਆ, ਜਿਸ ਕਾਰਨ ਮੁਲਾਜ਼ਮਾਂ ਨੂੰ ਸੰਘਰਸ਼ ਦਾ ਸਹਾਰਾ ਲੈਣਾ ਪੈ ਰਿਹਾ ਹੈ। ਉਪਰੋਕਤ ਆਗੂਆਂ ਨੇ ਸਰਕਾਰ ਤੋਂ ਜਨਵਰੀ ਤੋਂ 7 ਪ੍ਰਤੀਸ਼ਤ ਡੀ. ਏ. ਦੀ ਕਿਸ਼ਤ ਰਿਲੀਜ਼ ਕਰਨ ਦੀ ਵੀ ਮੰਗ ਕੀਤੀ। ਗੇਟ ਰੈਲੀ ਨੂੰ ਪ੍ਰੀਤਮ ਸਿੰਘ ਚੇਅਰਮੈਨ, ਸੁਖਦੇਵ ਸਿੰਘ ਖੋਟੇ, ਛਿੰਦਰਪਾਲ ਵਰ੍ਹੇ,   ਜਗਦੇਵ ਸਿੰਘ ਵਾਈਸ ਪ੍ਰਧਾਨ, ਜਸਪਾਲ ਸਿੰਘ ਕੈਸ਼ੀਅਰ, ਸੁਰਿੰਦਰ ਸਿੰਘ ਐਕਟਿੰਗ ਜਨਰਲ ਸਕੱਤਰ, ਇੰਟਕ ਦੇ ਪ੍ਰਧਾਨ ਗੁਰਦੇਵ ਸਿੰਘ, ਖੁਸ਼ਪਾਲ ਸਿੰਘ ਚੇਅਰਮੈਨ, ਇੰਟਕ ਕਰਮਚਾਰੀ ਦਲ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਨੇ ਵੀ ਸੰਬੋਧਨ ਕੀਤਾ।