ਵਾਰਡ ਨੰਬਰ 12 ਦੇ 30 ਸਾਲਾ ਰਾਕੇਸ਼ ਨੇ ਬੜੇ ਅਰਮਾਨਾਂ ਨਾਲ ਵਿਆਹ ਕੀਤਾ ਸੀ ਅਤੇ ਵਿਆਹ 'ਤੇ ਹਜ਼ਾਰਾਂ ਰੁਪਏ ਖਰਚ ਕੀਤੇ ਸਨ। ਕੁੜੀ ਨੂੰ ਸੋਨੇ ਦੇ ਗਹਿਣੇ ਵੀ ਦਿੱਤੇ ਪਰ ਲੜਕੀ ਅਗਲੇ ਹੀ ਦਿਨ 40 ਹਜ਼ਾਰ ਰੁਪਏ ਅਤੇ ਜੇਵਰ ਲੈ ਕੇ ਫਰਾਰ ਹੋ ਗਈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਰਾਕੇਸ਼ ਨੇ ਦੱਸਿਆ ਕਿ ਉਹ ਰਾਨੀਆਂ ਦੇ ਮੇਨ ਬਾਜ਼ਾਰ 'ਚ ਚਾਹ ਦੀ ਦੁਕਾਨ ਕਰਦਾ ਹੈ।
23 ਮਈ ਨੂੰ ਉਹ ਇਕ ਦੁਕਾਨ 'ਤੇ ਚਾਹ ਦੇਣ ਗਿਆ ਤਾਂ ਉਥੇ ਉਸਦੀ ਮੁਲਾਕਾਤ ਇਕ ਵਿਅਕਤੀ ਨਾਲ ਹੋਈ ਜਿਸਨੇ ਉਸ ਦਾ ਵਿਆਹ ਕਰਾਉਣ ਦੀ ਗੱਲ ਕਹੀ। ਉਸਨੇ ਵਿਆਹ ਕਰਵਾਉਣ ਬਦਲੇ 30 ਹਜ਼ਾਰ ਰੁਪਏ ਮੰਗੇ। ਉਸ ਵਿਅਕਤੀ ਨੇ ਉਸਦੀ ਮੁਲਾਕਾਤ ਬਠਿੰਡਾ ਨਿਵਾਸੀ ਗੁਰਮੀਤ ਕੌਰ ਨਾਲ ਕਰਾਈ। ਗੁਰਮੀਤ ਨੇ ਬਠਿੰਡਾ ਦੇ ਧੋਬੀਆਣਾ ਮੁਹੱਲੇ 'ਚ ਰਹਿਣ ਵਾਲੀ 28 ਸਾਲਾ ਮਨਜੀਤ ਕੌਰ ਨਾਲ ਮਿਲਾਇਆ।  ਵਿਆਹ ਕਰਵਾਉਣ ਬਦਲੇ ਗੁਰਮੀਤ ਤੋਂ 40 ਹਜ਼ਾਰ ਰੁਪਏ 'ਚ ਗੱਲ ਤੈਅ ਹੋ ਗਈ। 25 ਮਈ ਨੂੰ ਸਿਰਸਾ 'ਚ ਰਾਕੇਸ਼ ਤੇ ਮਨਜੀਤ ਦਾ ਵਿਆਹ ਕਰਾ ਦਿੱਤਾ ਗਿਆ। ਰਾਕੇਸ਼ ਨੇ ਦੱਸਿਆ ਕਿ ਉਸਦੇ ਪਿਤਾ ਦਾ ਦੇਹਾਂਤ ਬਚਪਨ 'ਚ ਹੀ ਹੋ ਗਿਆ ਸੀ ਅਤੇ ਮਾਂ ਆਦਮਪੁਰ ਪਿੰਡ 'ਚ ਰਹਿੰਦੀ ਹੈ। ਉਹ ਇਕੱਲਾ ਰਾਨੀਆਂ 'ਚ ਕਿਰਾਏ ਦੇ ਮਕਾਨ 'ਚ ਰਹਿੰਦੇ ਹੋਏ ਚਾਹ ਦੀ ਦੁਕਾਨ ਕਰਦਾ ਹੈ। ਵਿਆਹ ਹੋਣ ਤੋਂ ਬਾਅਦ ਮਨਜੀਤ ਨੂੰ ਲੈ ਕੇ ਆਦਮਪੁਰ ਚਲਾ ਗਿਆ। ਮਾਂ ਨੇ ਮੂੰਹ ਦਿਖਾਈ ਦੀ ਰਸਮ ਅਦਾ ਕਰਦੇ ਹੋਏ ਮਨਜੀਤ ਨੂੰ ਸੋਨੇ ਦਾ ਢਾਈ ਤੋਲੇ ਦਾ ਹਾਰ ਦਿੱਤਾ ਅਤੇ ਫਿਰ ਉਸੇ ਦਿਨ ਸ਼ਾਮ ਨੂੰ ਉਹ ਰਾਨੀਆ ਆ ਗਿਆ। ਰਾਤ ਨੂੰ ਸੋਣ ਤੋਂ ਪਹਿਲਾਂ ਮਨਜੀਤ ਨੇ ਰਾਕੇਸ਼ ਨੂੰ ਦੁੱਧ 'ਚ ਕੁਝ ਨਸ਼ੀਲਾ ਪਦਾਰਥ ਮਿਲਾ ਕੇ ਪਿਲਾ ਦਿੱਤਾ ਜਿਸ ਨਾਲ ਉਹ ਬੇਹੋਸ਼ ਹੋ ਗਿਆ। ਅਗਲੇ ਦਿਨ ਸਵੇਰੇ ਜਦੋਂ ਉਸਦੀ ਅੱਖ ਖੁੱਲ੍ਹੀ ਤਾਂ ਉਸਨੇ ਦੇਖਿਆ ਮਨਜੀਤ ਗਾਇਬ ਹੈ। ਅਲਮਾਰੀ 'ਚ ਰੱਖੇ 40 ਹਜ਼ਾਰ ਰੁਪਏ ਅਤੇ ਗਹਿਣੇ ਵੀ ਨਹੀਂ ਸਨ। ਉਸਨੇ ਮਨਜੀਤ ਦੀ ਕਈ ਥਾਂ ਭਾਲ ਕੀਤੀ। ਉਹ ਗੁਰਮੀਤ ਨੂੰ ਮਿਲਣ ਬਠਿੰਡਾ ਵੀ ਗਿਆ ਅਤੇ ਉਸ ਵਿਅਕਤੀ ਜਿਸਨੇ ਉਸਦੀ ਗੱਲ ਕਰਾਈ ਸੀ, ਨੂੰ ਵੀ ਲੱਭਿਆ ਪਰ ਤਿੰਨਾਂ ਦਾ ਕੋਈ ਪਤਾ ਨਹੀਂ ਲੱਗਾ। ਰਾਕੇਸ਼ ਨੇ 12 ਜੂਨ ਨੂੰ ਰਾਨੀਆਂ ਥਾਣੇ 'ਚ ਸ਼ਿਕਾਇਤ ਦਰਜ ਕਰਾਈ। ਥਾਣਾ ਮੁਖੀ ਹੰਸਰਾਜ ਬਿਸ਼ਨੋਈ ਨੇ ਦੱਸਿਆ ਕਿ ਪੁਲਸ ਨੇ ਰਾਕੇਸ਼ ਦੀ ਸ਼ਿਕਾਇਤ 'ਤੇ ਮਨਜੀਤ ਕੌਰ, ਉਸਦੇ ਪਿਤਾ ਬਾਬੂ ਸਿੰਘ ਤੇ ਦਲਾਲ ਗੁਰਮੀਤ ਕੌਰ ਅਤੇ ਹੋਰਨਾਂ ਖਿਲਾਫ ਧੋਖਾਧੜੀ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।