ਮੋਗਾ,(ਅਕਾਲੀਆਂ ਵਾਲਾ)-ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਕਿਸੇ ਵੀ ਤਰ੍ਹਾਂ ਨਿਰਾਸ਼ ਹੋਣ ਦੀ ਲੋੜ ਨਹੀਂ। ਉਨ੍ਹਾਂ ਦੀ ਹਰ ਔਕੜ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲਾ ਕਾਂਗਰਸ ਪ੍ਰਧਾਨ ਬੀਬੀ ਜਗਦਰਸ਼ਨ ਕੌਰ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਉਹ ਹੀ ਛੱਡ ਰਹੇ ਹਨ, ਜਿਨ੍ਹਾਂ ਦੀ ਜ਼ਮੀਰ ਮਰ ਚੁੱਕੀ ਹੈ। ਜਿਹੜੇ ਵਰਕਰ ਪਾਰਟੀ ਨਾਲ ਵਫ਼ਾਦਾਰੀ ਨਿਭਾਅ ਰਹੇ ਹਨ ਉਹ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਵਿਚ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਅਤੇ ਜਿਹੜੇ ਲੋਕ ਪਾਰਟੀ ਹਿੱਤਾਂ ਨੂੰ ਤਿਆਗ ਕੇ ਆਪਣੇ ਸੁਆਰਥ ਲਈ ਅਕਾਲੀ ਵਿਚ ਸ਼ਾਮਲ ਹੁੰਦੇ ਹਨ, ਉਨ੍ਹਾਂ ਦਾ ਕੋਈ ਵਜੂਦ ਨਹੀਂ ਰਹਿੰਦਾ ਅਤੇ ਅਜਿਹੇ ਆਗੂ ਅਕਾਲੀ ਦਲ ਲਈ ਵੀ ਬਹੁਤੇ ਵਫ਼ਾਦਾਰ ਨਹੀਂ ਰਹਿਣਗੇ। ਬੀਬੀ ਜਗਦਰਸ਼ਨ ਕੌਰ ਨੇ ਅੱਗੇ ਕਿਹਾ ਕਿ ਕਾਂਗਰਸੀ ਵਰਕਰ ਇਮਾਨਦਾਰ ਅਤੇ ਵਫਾਦਾਰ ਹਨ। ਜਿਨ੍ਹਾਂ ਆਗੂਆਂ ਦੇ ਹਿਰਦਿਆਂ 'ਚੋਂ ਵਫ਼ਾਦਾਰੀ ਨਿਕਲ ਚੁੱਕੀ ਹੈ, ਉਹ ਆਗੂ ਆਪਣੇ ਇਰਾਦਿਆਂ ਤੋਂ ਥਿੜਕਦੇ ਹੋਏ ਅਕਾਲੀ ਦਲ ਵਿਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਆਗੂਆਂ ਦੇ ਜਾਣ ਨਾਲ ਕਾਂਗਰਸ ਪਾਰਟੀ ਨੂੰ ਕੋਈ ਫਰਕ ਨਹੀਂ ਪਵੇਗਾ ਕਿਉਂਕਿ ਕਾਂਗਰਸ ਪਾਰਟੀ ਇਕ ਸਮੁੰਦਰ ਵਾਂਗ ਹੈ, ਜਿਸ ਦੀਆਂ ਜੜ੍ਹਾਂ ਸਮੁੱਚੇ ਦੇਸ਼ ਅੰਦਰ ਫੈਲੀਆਂ ਹੋਈਆਂ ਹਨ। ਬੀਬੀ ਨੇ ਆਖਰ ਅਕਾਲੀ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਵਰਕਰਾਂ ਤੇ ਆਗੂਆਂ 'ਤੇ ਦਬਾਅ ਨਾ ਪਾਉਣ। ਜੇਕਰ ਕਿਸੇ ਵਰਕਰ ਜਾਂ ਆਗੂ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਉਹ ਇਸ ਦਾ ਮੂੰਹ ਤੋੜ ਜਵਾਬ ਦੇਣਗੇ। ਇਸ ਮੌਕੇ ਉਨ੍ਹਾਂ ਨਾਲ ਪਰਮਿੰਦਰ ਸਿੰਘ ਡਿੰਪਲ, ਅਮਰਜੀਤ ਸਿੰਘ ਬਿੱਟੂ ਬੀਜਾਪੁਰ, ਜਰਨੈਲ ਸਿੰਘ ਖੰਭੇ ਬਲਾਕ ਪ੍ਰਧਾਨ, ਅਮਰੀਕ ਸਿੰਘ ਰਾਜਾਂਵਾਲਾ, ਦਿਲਪ੍ਰੀਤ ਸਿੰਘ ਫਤਿਹਗੜ੍ਹ ਪੰਜਤੂਰ, ਗੁਰਵੀਰ ਸਿੰਘ ਗੋਗਾ, ਜਸਵਿੰਦਰ ਸਿੰਘ ਬਲਖੰਡੀ ਆਦਿ ਆਗੂ ਹਾਜ਼ਰ ਸਨ। ਇਸ ਮੌਕੇ ਬੀਬੀ ਨੇ ਕੇਂਦਰ ਸਰਕਾਰ ਵਲੋਂ ਕਿਸਾਨੀ ਜਿਨਸਾਂ ਦੇ ਭਾਅ ਵਧਾਉਣ 'ਤੇ ਧੰਨਵਾਦ ਵੀ ਕੀਤਾ।